ਓਨਟਾਰੀਓ (ਦੇਵ ਇੰਦਰਜੀਤ) : ਓਨਟਾਰੀਓ ਸਰਕਾਰ ਵੱਲੋਂ ਅਗਲੇ ਹਫਤੇ ਸਕੂਲ ਖੁੱਲ੍ਹਣ ਤੋਂ ਪਹਿਲਾਂ ਸਕੂਲਾਂ ਤੇ ਚਾਈਲਡ ਕੇਅਰ ਲਈ ਸਕਰੀਨਿੰਗ ਗਾਇਡੈਂਸ ਨੂੰ ਅਪਡੇਟ ਕਰਦਿਆਂ ਆਖਿਆ ਗਿਆ ਹੈ ਕਿ ਹੁਣ ਇਸ ਵਿੱਚ ਨੱਕ ਵਗਣ, ਗਲਾ ਪੱਕਣ ਤੇ ਸਿਰਦਰਦ ਨੂੰ ਕੋਵਿਡ-19 ਦੇ ਲੱਛਣਾਂ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਸਕਰੀਨਿੰਗ ਫਾਰਮ ਵਿੱਚ ਹੁਣ ਸਿਰਫ ਪੰਜ ਲੱਛਣ ਹੀ ਰੱਖੇ ਗਏ ਹਨ, ਜੋ ਕਿ ਬਹੁਤਾ ਕਰਕੇ ਵਾਇਰਸ ਨਾਲ ਸਬੰਧਤ ਹਨ।ਇਹ ਵੀ ਆਖਿਆ ਗਿਆ ਹੈ ਕਿ ਕੋਵਿਡ-19 ਬਾਰੇ ਹੋਰ ਪਤਾ ਲੱਗਣ ਉੱਤੇ ਅਸੀਂ ਗਾਈਡਲਾਈਨਜ਼ ਨੂੰ ਅਪਡੇਟ ਕਰਦੇ ਰਹਾਂਗੇ। ਪੰਜ ਲੱਛਣਾਂ ਵਿੱਚ ਬੁਖਾਰ/ਠੰਢ ਲੱਗਣਾ, ਖੰਘ ਜਾਂ ਕੁੱਤਾ ਖੰਘ, ਸਾਹ ਚੜ੍ਹਨਾ, ਸੁੰਘਣ ਸ਼ਕਤੀ ਜਾਂ ਸਵਾਦ ਦੀ ਤਾਕਤ ਦਾ ਘਟਨਾ ਜਾਂ ਮੁੱਕਣਾ, ਜੀ ਕੱਚਾ ਹੋਣਾ, ਉਲਟੀ ਆਉਣਾ ਤੇ ਦਸਤ ਲੱਗਣਾ ਆਦਿ ਸ਼ਾਮਲ ਹਨ।
ਗਾਈਡੈਂਸ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਕੋਵਿਡ-19 ਦੇ ਲੱਛਣ ਵਿਖਾਉਣ ਵਾਲੇ ਬੱਚਿਆਂ ਦੇ ਭੈਣ-ਭਰਾ ਦਾ ਟੀਕਾਕਰਣ ਪੂਰਾ ਹੋਇਆ ਹੈ ਤਾਂ ਉਨ੍ਹਾਂ ਨੂੰ ਵੀ ਸਕੂਲ ਆਉਣ ਦੀ ਖੁੱਲ੍ਹ ਹੋਵੇਗੀ।ਪਿਛਲੀਆਂ ਸਰਦੀਆਂ ਉਨ੍ਹਾਂ ਨੂੰ ਵੀ ਘਰ ਰਹਿਣ ਲਈ ਆਖਿਆ ਜਾਂਦਾ ਸੀ।
ਇਹ ਵੀ ਹਦਾਇਤਾਂ ਹਨ ਕਿ ਜੇ ਮਾਪਿਆਂ ਨੂੰ ਬੱਚਿਆਂ ਵਿੱਚ ਕੋਵਿਡ-19 ਦੇ ਕੋਈ ਵੀ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਉਨ੍ਹਾਂ ਨੂੰ ਚਾਈਲਡਕੇਅਰ ਜਾਂ ਸਕੂਲ ਤੋਂ ਘਰ ਰੱਖ ਸਕਦੇ ਹਨ।ਸੋਮਵਾਰ ਨੂੰ ਇੱਕ ਵੈਕਸੀਨੇਸ਼ਨ ਕਲੀਨਿਕ ਦਾ ਟੂਰ ਕਰਨ ਤੋਂ ਬਾਅਦ ਟੋਰਾਂਟੋ ਦੀ ਮੈਡੀਕਲ ਆਫੀਸਰ ਆਫ ਹੈਲਥ ਡਾ· ਐਲੀਨ ਡੀ ਵਿੱਲਾ ਨੇ ਆਖਿਆ ਕਿ ਪੰਜਾਂ ਵਿੱਚੋਂ ਇੱਕ ਵੀ ਲੱਛਣ ਜੇ ਬੱਚਿਆਂ ਵਿੱਚ ਨਜ਼ਰ ਆਉਂਦਾ ਹੈ ਤਾਂ ਹਦਾਇਤਾਂ ਪਿਛਲੇ ਸਾਲ ਵਾਲੀਆਂ ਹੀ ਰਹਿਣਗੀਆਂ।