
ਟਰੋਂਟੋ (ਨੇਹਾ): ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਐਤਵਾਰ ਨੂੰ ਦੇਸ਼ ਵਿਚ ਮੱਧਕਾਲੀ ਚੋਣਾਂ ਦਾ ਐਲਾਨ ਕਰ ਸਕਦੇ ਹਨ, ਜਿਸ ਲਈ ਵੋਟਾਂ 28 ਅਪਰੈਲ ਨੂੰ ਪੈਣਗੀਆਂ। ਲਿਬਰਲ ਪਾਰਟੀ ਵੱਲੋਂ ਕੀਤੇ ਐਲਾਨ ਮੁਤਾਬਕ ਕਾਰਨੀ ਪਹਿਲੀ ਵਾਰ ਸੰਸਦ ਮੈਂਬਰ ਬਣਨ ਲਈ ਓਟਵਾ ਖੇਤਰ ਦੇ ਨੇਪੀਅਰ ਜ਼ਿਲ੍ਹੇ ਤੋਂ ਚੋਣ ਲੜਨਗੇ। ਇਹ ਚੋਣਾਂ ਅਜਿਹੇ ਮੌਕੇ ਹੋ ਰਹੀਆਂ ਹਨ ਜਦੋਂ ਕੈਨੇਡਾ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਛੇੜੀ ਵਪਾਰਕ ਜੰਗ ਤੇ ਰਲੇਵੇਂ ਦੀ ਪੇਸ਼ਕਸ਼ ਨਾਲ ਦੇਸ਼ ਦੀ ਪ੍ਰਭੁੂਸੱਤਾ ਨੂੰ ਖ਼ਤਰੇ ਜਿਹੀਆਂ ਚੁਣੌਤੀਆਂ ਦਰਪੇਸ਼ ਹਨ।
ਪਾਰਟੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਕਿ ਓਟਵਾ ਉਹ ਥਾਂ ਹੈ ਜਿੱਥੇ ਕਾਰਨੀ ਨੇ ਆਪਣੇੇ ਪਰਿਵਾਰ ਦੀ ਪਰਵਰਿਸ਼ ਕੀਤੀ ਤੇ ਆਪਣੇ ਕਰੀਅਰ ਨੂੰ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤਾ। ਕਾਰਨੀ ਕੈਨੇਡਾ ਦੇ ਕੇਂਦਰੀ ਬੈਂਕ ਦੇ ਪ੍ਰਮੁੱਖ ਵਜੋਂ ਸੇਵਾਵਾਂ ਦੇ ਚੁੱਕੇ ਹਨ। ‘ਹਾਊਸ ਆਫ਼ ਕਾਮਨਜ਼’ ਦੀਆਂ 343 ਸੀਟਾਂ ਜਾਂ ਜ਼ਿਲ੍ਹਿਆਂ ਲਈ ਚੋਣ ਪ੍ਰਚਾਰ 37 ਦਿਨਾਂ ਤੱਕ ਚੱਲੇਗਾ। ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੀ ਨੇ 14 ਮਾਰਚ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਸੀ। ਕਾਰਨੀ (59) ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲਈ। ਟਰੂਡੋ ਨੇ ਜਨਵਰੀ ਵਿਚ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ।