ਓਂਟਾਰੀਓ (Vikram Sehajpal) : ਕੈਨੇਡਾ ਦੀ ਓਂਟਾਰੀਓ ਸਰਕਾਰ ਅਤੇ ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲਾਈਜ਼ ਦਰਮਿਆਨ ਅੱਜ ਮੁੜ ਸ਼ੁਰੂ ਹੋ ਰਹੀ ਗੱਲਬਾਤ ਦਾ ਕੋਈ ਸਿੱਟਾ ਨਾ ਨਿਕਲਿਆਂ ਤਾਂ ਜੀ.ਟੀ.ਏ. ਦੇ ਜ਼ਿਆਦਾਤਰ ਸਕੂਲ ਸੋਮਵਾਰ ਨੂੰ ਬੰਦ ਰਹਿਣਗੇ। ਜੀ.ਟੀ.ਏ. ਦੇ ਤਿੰਨ ਸਭ ਤੋਂ ਵੱਡੇ ਸਕੂਲ ਬੋਰਡਾਂ ਨੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ। ਪੀਲ ਡਿਸਟ੍ਰਿਕਟ ਸਕੂਲ ਬੋਰਡ, ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਅਤੇ ਯਾਰਕ ਰੀਜਨ ਸਕੂਲ ਬੋਰਡ ਵੱਲੋਂ ਮਾਪਿਆਂ ਨੂੰ ਚਿੱਠੀ ਲਿਖ ਕੇ ਸੂਚਿਤ ਕੀਤਾ ਗਿਆ ਹੈ ਕਿ ਹੜਤਾਲ ਦੇ ਸੂਰਤ ਵਿਚ ਸਕੂਲਾਂ ਨੂੰ ਬੰਦ ਰੱਖਣਾ ਹੀ ਬਿਹਤਰ ਕਦਮ ਹੋਵੇਗਾ।
ਸਕੂਲ ਬੋਰਡਾਂ ਦਾ ਮੰਨਣਾ ਹੈ ਕਿ ਹੜਤਾਲ ਦੇ ਸੰਭਾਵਨਾ ਨੂੰ ਹਲਕੇ ਤੌਰ 'ਤੇ ਨਹੀਂ ਲਿਆ ਜਾਣਾ ਚਾਹੀਦਾ ਅਤੇ ਬਦਲਵੇਂ ਪ੍ਰਬੰਧਾਂ ਵੱਲ ਧਿਆਨ ਦੇਣਾ ਲਾਜ਼ਮੀ ਹੈ। ਉਨਾਂ ਕਿਹਾ ਕਿ ਵਿਦਿਆਰਥੀਆਂ ਦੀ ਨਿਗਰਾਨੀ ਅਤੇ ਸੁਰੱਖਿਆ ਸਾਡੀ ਮੁੱਖ ਤਰਜੀਹ ਹੈ ਅਤੇ ਮਹੱਤਵਪੂਰਨ ਸੇਵਾਵਾਂ ਦੀ ਗ਼ੈਰਮੌਜੂਦਗੀ ਵਿਚ ਪੜਾਈ ਵਾਲਾ ਮਾਹੌਲ ਕਾਇਮ ਕਰਨਾ ਮੁਸ਼ਕਲ ਹੋਵੇਗਾ।
ਦੱਸ ਦੇਈਏ ਕਿ ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲਾਈਜ਼ ਦੇ 55 ਹਜ਼ਾਰ ਕਾਮੇ ਆਪਣੀਆਂ ਮੰਗਾਂ ਮਨਵਾਉਣ ਲਈ ਸਰਕਾਰ 'ਤੇ ਦਬਾਅ ਪਾ ਰਹੇ ਹਨ ਅਤੇ 30 ਸਤੰਬਰ ਨੂੰ ਗੱਲਬਾਤ ਦਾ ਸਿਲਸਿਲਾ ਟੁੱਟਣ ਮਗਰੋਂ ਹੜਤਾਲ ਦਾ ਐਲਾਨ ਕਰ ਦਿਤਾ ਗਿਆ ਸੀ ਪਰ ਸੂਬਾ ਸਰਕਾਰ ਨੇ ਨਵੇਂ ਸਿਰੇ ਤੋਂ ਗੱਲਬਾਤ ਕਰਨ ਦੀ ਇੱਛਾ ਜ਼ਾਹਰ ਕੀਤੀ।