ਉਨਟਾਰੀਓ (ਦੇਵ ਇੰਦਰਜੀਤ) : ਇਸ ਹਫਤੇ ਫੈਡਰਲ ਸਰਕਾਰ ਨੂੰ ਫਾਈਜ਼ਰ-ਬਾਇਓਐਨਟੈਕ ਕੋਵਿਡ-19 ਵੈਕਸੀਨ ਦੀਆਂ 2·3 ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਕੋਵਿਡ-19 ਦੀ ਚੌਥੀ ਵੇਵ ਆਉਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਓਟਵਾ ਨੂੰ ਪਹਿਲਾਂ ਹੀ ਹੁਣ ਤੱਕ 66 ਮਿਲੀਅਨ ਕੋਵਿਡ-19 ਵੈਕਸੀਨ ਡੋਜ਼ਾਂ ਹਾਸਲ ਹੋ ਚੁੱਕੀਆਂ ਹਨ ਜੋ ਕਿ ਯੋਗ ਕੈਨੇਡੀਅਨਜ਼ ਨੂੰ ਪੂਰੀ ਤਰ੍ਹਾਂ ਇਮਿਊਨਾਈਜ਼ ਕਰਨ ਲਈ ਕਾਫੀ ਹਨ।ਮੰਗਲਵਾਰ ਨੂੰ ਫੈਡਰਲ ਸਰਕਾਰ ਕੋਲ ਆਪਣੇ ਖਜ਼ਾਨੇ ਵਿੱਚ 6·7 ਮਿਲੀਅਨ ਕੋਵਿਡ-19 ਵੈਕਸੀਨਜ਼ ਸਨ। ਲੋੜ ਪੈਣ ਉੱਤੇ ਪ੍ਰੋਵਿੰਸ ਤੇ ਟੈਰੇਟਰੀਜ਼ ਇੱਥੋਂ ਹੋਰ ਡੋਜ਼ ਲੈ ਸਕਦੀਆਂ ਹਨ।
ਕੋਵਿਡ-19 ਵੈਕਸੀਨ ਦੀ ਨਵੀਂ ਖੇਪ ਇਸ ਲਈ ਆ ਰਹੀ ਹੈ ਕਿਉਂਕਿ ਵੈਕਸੀਨੇਸ਼ਨ ਦੀ ਦਰ ਵਧਣ ਤੋਂ ਪਹਿਲਾਂ ਪਬਲਿਕ ਹੈਲਥ ਪਾਬੰਦੀਆਂ ਹਟਾਏ ਜਾਣ ਦੇ ਚੱਲਦਿਆਂ ਕੈਨੇਡਾ ਦੇ ਉੱਘੇ ਡਾਕਟਰਾਂ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਅਸੀਂ ਚੌਥੀ ਵੇਵ ਵੱਲ ਵੱਧ ਰਹੇ ਹਾਂ। ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ· ਥੈਰੇਸਾ ਟੈਮ ਨੇ ਆਖਿਆ ਕਿ ਹੱਦੋਂ ਵੱਧ ਖਤਰਨਾਕ ਡੈਲਟਾ ਵੇਰੀਐਂਟ ਕਾਰਨ ਇੱਕ ਵਾਰੀ ਫਿਰ ਮਹਾਂਮਾਰੀ ਸਿਰ ਚੁੱਕ ਸਕਦੀ ਹੈ। ਇਸ ਲਈ ਉਨ੍ਹਾਂ ਆਖਿਆ ਕਿ ਵੱਧ ਤੋਂ ਵੱਧ ਵੈਕਸੀਨੇਸ਼ਨ ਤੇ ਸਿਹਤ ਸਬੰਧੀ ਅਪਣਾਈਆਂ ਜਾਣ ਵਾਲੀਆਂ ਅਹਿਤਿਆਤਾਂ ਦੀ ਵਰਤੋਂ ਕਰਕੇ ਇਸ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਆਖਿਆ ਕਿ ਜੇ ਇਸੇ ਤਰ੍ਹਾਂ ਤੇਜ਼ੀ ਨਾਲ ਸਾਰੀਆਂ ਪਾਬੰਦੀਆਂ ਹਟਾਈਆਂ ਜਾਂਦੀਆਂ ਰਹੀਆਂ ਤਾਂ ਹਾਲ ਮਾੜਾਂ ਹੋ ਸਕਦਾ ਹੈ ਪਰ ਜੇ ਮੌਜੂਦਾ ਹਾਲਾਤ ਅਨੁਸਾਰ ਹੌਲੀ ਹੌਲੀ ਢਿੱਲ ਦਿੱਤੀ ਜਾਂਦੀ ਰਹੀ ਤੇ ਨਾਲ ਦੀ ਨਾਲ ਥੋੜ੍ਹੀਆਂ ਪਾਬੰਦੀਆਂ ਵੀ ਰੱਖੀਆਂ ਗਈਆਂ ਤਾਂ ਥੋੜ੍ਹੀ ਬਚਤ ਹੋ ਸਕਦੀ ਹੈ।