ਲੋਕਾਂ ਨੂੰ ਲੁਟ ਰਹੇ ਫਰਜ਼ੀ ਇਮੀਗ੍ਰੇਸ਼ਨ ਸਲਾਹਕਾਰਾਂ ਤੇ ਸ਼ਿਕੰਜਾ ਕਸੇਗਾ ਕੈਨੇਡਾ

by

ਓਂਟਾਰੀਓ (ਵਿਕਰਮ ਸਹਿਜਪਾਲ) : ਨੌਜਵਾਨਾਂ ‘ਚ ਹਰ ਦਿਨ ਵਿਦੇਸ਼ਾਂ ‘ਚ ਜਾ ਕੇ ਵਸਣ ਦਾ ਰੁਝਾਨ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ, ਤੇ ਇਸੇ ਰੁਝਾਨ ‘ਚ ਉਹ ਅਕਸਰ ਧੋਖਾਧੜ੍ਹੀ ਦਾ ਵੀ ਸ਼ਿਕਾਰ ਹੋ ਜਾਂਦੇ ਨੇ। ਇਸ ਧੋਖਾਧੜ੍ਹੀ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਹੁਣ ਫੈਡਰਲ ਸਰਕਾਰ ਵੱਲੋਂ ਇੱਕ ਨਵਾਂ ਕਾਨੂੰਨ ਬਣਾਇਆ ਗਿਆ ਹੈ।  ਜਿਸ ਰਾਹੀਂ ਫਰਜ਼ੀ ਤੌਰ ‘ਤੇ ਬਣੇ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਨੱਥ ਪਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਦੱਸਿਆ ਕਿ ਜਿਹੜੇ ਲੋਕ ਫਰਜ਼ੀ ਇਮੀਗ੍ਰੇਸ਼ਨ ਸਲਾਹਕਾਰ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਲੁਟਦੇ ਹਨ, ਇਹ ਕਾਨੂੰਨ ਉਨ੍ਹਾਂ ਫਰਜ਼ੀ ਇਮੀਗ੍ਰੇਸ਼ਨ ਏਜੰਟਾਂ ‘ਤੇ ਸ਼ਿਕੰਜਾ ਕਸੇਗਾ। 


ਹੁਸੈਨ ਨੇ ਜਾਣਕਾਰੀ ਦਿੰਦਿਆਂ ਕਿਹਾ, ਕਿ ਇਸ ਕਾਨੂੰਨ ਰਾਹੀਂ ਇਮੀਗ੍ਰੇਸ਼ਨ ਸਲਾਹਕਾਰ ਵਜੋਂ ਕੰਮ ਕਰ ਰਹੇ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟ ਨੂੰ ਨਵੀਆਂ ਤਾਕਤਾਂ ਮਿਲਣਗੀਆਂ ਤਾਂ ਜੋ ਉਹ ਇਨ੍ਹਾਂ ਫਰਜੀ ਏਜੰਟਾਂ ਨਾਲ ਸਖਤੀ ਨਾਲ ਨਜਿੱਠ ਸਕੇ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਵੱਲੋਂ ਇਨ੍ਹਾਂ ਫਰਜ਼ੀ ਏਜੰਟਾਂ ਦੀ ਲਗਾਮ ਖਿੱਚਣ ਵਾਸਤੇ ਇਮੀਗ੍ਰੇਸ਼ਨ ਸਲਾਹਕਾਰਾਂ ਲਈ ਲਾਇਸੰਸ ਲਾਜ਼ਮੀ ਕਰਨ ‘ਤੇ ਵੀ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਜਾਵੇਗਾ।  ਇੱਥੇ ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਸਲਾਹਕਾਰਾਂ ਦੇ ਨਾਮ ‘ਤੇ ਹੋ ਰਹੀ ਲੁੱਟ ਨੂੰ ਬੰਦ ਕਰਨ ਲਈ ਮਾਨਤਾ ਪ੍ਰਾਪਤ ਸਲਾਹਕਾਰਾਂ ਲਈ 52 ਮਿਲੀਅਨ ਡਾਲਰ ਖਰਚ ਕੀਤੇ ਜਾਣ ਦਾ ਵਾਅਦਾ ਵੀ ਕੀਤਾ ਹੈ।