ਟਾਰਾਂਟੋ (ਐਨ.ਆਰ.ਆਈ. ਮੀਡਿਆ) : ਕੌਮਾਂਤਰੀ ਵਿਦਿਆਰਥੀਆਂ ਲਈ ਕੈਨੇਡਾ ਦੀਆਂ ਵਿੱਦਿਅਕ ਸੰਸਥਾਵਾਂ ਨੇ ਦਰਵਾਜ਼ੇ ਖੋਲ ਦਿੱਤੇ ਹਨ, ਕਿਉਂਕਿ ਲਿਬਰਲ ਸਰਕਾਰ ਨੇ ਵਿਦਿਅਦਕ ਸੰਸਥਾਵਾਂ ਨੂੰ ਕੌਮਾਂਤਰੀ ਵਿਦਿਆਰਥੀਆਂ ਨੂੰ ਸੱਦਣ ਦੀ ਇਜਾਜ਼ਤ ਦੇ ਦਿੱਤੀ ਹੈ। 20 ਅਕਤੂਬਰ ਤੋਂ ਪਹਿਲਾਂ ਸਿਰਫ਼ ਉਹ ਕੌਮਾਂਤਰੀ ਵਿਦਿਆਰਥੀ ਕੈਨੇਡਾ ਆ ਸਕਦੇ ਸਨ, ਜਿਨਾਂ ਕੋਲ 18 ਮਾਰਚ 2020 ਤੱਕ ਦਾ ਜਾਇਜ਼ ਸਟੱਡੀ ਪਰਮਿਟ ਸੀ, ਕਿਉਂਕਿ ਇਸ ਤਰੀਕ ਤੋਂ ਬਾਅਦ ਕੈਨੇਡਾ ਵਿੱਚ ਕੋਰੋਨਾ ਵਾਇਰਸ ਯਾਤਰਾ ਪਾਬੰਦੀਆਂ ਲਾਗੂ ਹੋ ਗਈਆਂ ਸਨ।
ਦਸਣਯੋਗ ਹੈ ਕਿ ਹੁਣ ਮਨੋਨੀਤ ਵਿੱਦਿਅਕ ਸੰਸਥਾਵਾਂ "ਡੈਜ਼ੀਗਨੇਟਡ ਲਰਨਿੰਗ ਇੰਸਟੀਟਿਊਸ਼ਨਸ" ਨੂੰ ਪ੍ਰਵਾਨਗੀ ਮਿਲ ਗਈ ਹੈ ਕਿ ਉਹ ਸਟੱਡੀ ਪਰਮਿਟ ਪ੍ਰਾਪਤ ਕੌਮਾਂਤਰੀ ਵਿਦਿਆਰਥੀਆਂ ਨੂੰ ਤਰੀਕ ਦੀ ਪ੍ਰਵਾਹ ਕੀਤੇ ਬਗ਼ੈਰ ਕੈਨੇਡਾ ਸੱਦ ਸਕਦੀਆਂ ਹਨ। ਮਨੋਨੀਤ ਵਿੱਦਿਅਕ ਸੰਸਥਾਵਾਂ 'ਚ ਉਹ ਕਾਲਜ, ਯੂਨੀਵਰਸਿਟੀਆਂ ਅਤੇ ਹੋਰ ਸਿੱਖਿਆ ਸੰਸਥਾਵਾਂ ਸ਼ਾਮਲ ਹਨ, ਜਿਨਾਂ ਨੂੰ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਸੱਦਣ ਦੀ ਪ੍ਰਵਾਨਗੀ ਦਿੱਤੀ ਹੈ।
ਦੱਸ ਦਈਏ ਕਿ ਕੈਨੇਡਾ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਕੋਲ ਜਾਇਜ਼ ਸਟੱਡੀ ਪਰਮਿਟ ਜਾਂ ਲੈਟਰ ਆਫ਼ ਇੰਟਰੋਡੱਕਸ਼ਨ ਹੋਣਾ ਜ਼ਰੂਰੀ ਹੈ, ਜਿਸ ਤੋਂ ਇਹ ਪਤਾ ਲੱਗ ਸਕੇ ਕੇ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜਿਸ ਵਿਦਿਆਰਥੀ ਕੋਲ ਸਾਰੇ ਦਸਤਾਵੇਜ਼ ਹਨ ਅਤੇ ਉਸ ਵੱਲੋਂ ਜਿਸ ਸਿੱਖਿਆ ਸੰਸਥਾ ਵਿੱਚ ਦਾਖ਼ਲਾ ਲਿਆ ਜਾ ਰਿਹਾ ਹੈ, ਉਹ ਫੈਡਰਲ ਸਰਕਾਰ ਵੱਲੋਂ ਮਨੋਨੀਤ ਵਿੱਦਿਅਕ ਸੰਸਥਾ ਸੂਚੀ ਵਿੱਚ ਸ਼ਾਮਲ ਹੈ ਤਾਂ ਉਹ ਪੜਾਈ ਲਈ ਕੈਨੇਡਾ ਦੀ ਧਰਤੀ 'ਤੇ ਪੈਰ ਰੱਖ ਸਕਦਾ ਹੈ।