ਟੋਰਾਂਟੋ (Vikram Sehajpal) : ਟੋਰਾਂਟੋ ਅਤੇ ਪੀਲ ਖੇਤਰ ਦੇ ਬੈਂਕਾਂ ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ 25 ਹਜ਼ਾਰ ਡਾਲਰ ਇਨਾਮ ਵਜੋਂ ਮਿਲਣਗੇ। ਹਥਿਆਰਬੰਦ ਲੁਟੇਰਿਆਂ ਨੇ 9 ਤੋਂ 16 ਅਕਤੂਬਰ ਤੱਕ ਕਈ ਬੈਂਕ ਲੁੱਟੇ ਸਨ। ਪੀਲ ਰੀਜਨਲ ਪੁਲਿਸ ਅਤੇ ਟੋਰਾਂਟੋ ਪੁਲਿਸ ਸਰਵਿਸ ਨੇ ਕੈਨੇਡੀਅਨ ਬੈਂਕਰਸ ਐਸੋਸੀਏਸ਼ਨ ਦੀ ਮਦਦ ਨਾਲ ਬੈਂਕ ਲੁਟੇਰਿਆਂ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਵੱਡੀ ਇਨਾਮੀ ਰਾਸ਼ੀ 25 ਹਜ਼ਾਰ ਡਾਲਰ ਦੇਣ ਦਾ ਐਲਾਨ ਕੀਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਸ ਨਾਲ ਕਈ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨਾਂ 'ਤੇ ਦੋਸ਼ ਆਇਦ ਕਰਨ ਵਿੱਚ ਮਦਦ ਮਿਲੇਗੀ। ਦੱਸ ਦੇਈਏ ਕਿ ਟੋਰਾਂਟੋ ਅਤੇ ਪੀਲ ਖੇਤਰ ਵਿੱਚ ਪੈਂਦੇ ਕਈ ਬੈਂਕਾਂ ਵਿੱਚ 9 ਅਕਤੂਬਰ ਤੋਂ 16 ਅਕਤੂਬਰ ਤੱਕ ਲੁੱਟ ਦੀਆਂ ਕਈ ਵਾਰਦਾਤਾਂ ਵਾਪਰੀਆਂ ਸਨ।
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਨਾਂ ਘਟਨਾਵਾਂ ਵਿੱਚ ਲਗਭਗ 3 ਲੁਟੇਰੇ ਸ਼ਾਮਲ ਹਨ। ਪੁਲਿਸ ਮੁਤਾਬਕ ਜਦੋਂ ਇਹ ਲੁਟੇਰੇ ਬੈਂਕਾਂ ਵਿੱਚ ਦਾਖ਼ਲ ਹੋਏ ਉਸ ਵੇਲੇ ਇਨਾਂ ਕੋਲ ਹਥਿਆਰ ਸਨ ਅਤੇ ਇਨਾਂ ਨੇ ਭੇਸ ਬਦਲਿਆ ਹੋਇਆ ਸੀ। ਬੈਂਕ ਲੁੱਟ ਦੀਆਂ ਇਨਾਂ ਘਟਨਾਵਾਂ ਦੌਰਾਨ ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਪਰ ਇਨਾਂ ਘਟਨਾਵਾਂ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋਇਆ ਹੈ ਅਤੇ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ।