ਕੈਨੇਡਾ : ਪਹਿਲੀ ਵਾਰ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ‘ਚ ਮਨਾਈ ਗਈ ‘ਵਿਸਾਖੀ’

by mediateam

ਓਂਟਾਰੀਓ (ਵਿਕਰਮ ਸਹਿਜਪਾਲ) : ਬ੍ਰਿਟਿਸ਼ ਕੋਲੰਬੀਆ ਦੀ ਐਨ.ਡੀ.ਪੀ. ਸਰਕਾਰ ਵੱਲੋਂ ਇਤਿਹਾਸ ਵਿਚ ਪਹਿਲੀ ਵਾਰ ਵਿਸਾਖੀ ਸਮਾਗਮਾਂ ਦਾ ਪ੍ਰਬੰਧ ਸੂਬਾ ਵਿਧਾਨ ਸਭਾ ਵਿਚ ਕੀਤਾ ਗਿਆ। ਪ੍ਰੀਮੀਅਰ ਜੌਹਨ ਹੌਰਗਨ ਨੇ ਵਿਸਾਖੀ ਦੀ ਮੁਬਾਰਕਬਾਦ ਦਿੰਦਿਆਂ ਸਿੱਖ ਭਾਈਚਾਰੇ ਵੱਲੋਂ ਬ੍ਰਿਟਿਸ਼ ਕੋਲੰਬੀਆ ਦੀ ਤਰੱਕੀ ਵਿਚ 125 ਸਾਲ ਤੋਂ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦਾ ਜ਼ਿਕਰ ਕੀਤਾ। 

ਉਨਾਂ ਕਿਹਾ ਕਿ ਸਿੱਖ ਧਰਮ, ਸਹਿਣਸ਼ੀਲਤਾ, ਸਮਾਜਿਕ ਨਿਆਂ, ਸਮੁੱਚਤਾ ਅਤੇ ਮਨੁੱਖੀ ਅਧਿਕਾਰਾਂ ਦਾ ਹੋਕਾ ਦਿੰਦਾ ਹੈ ਜੋ ਕਿਸੇ ਵੀ ਸਮਾਜ ਦੇ ਵਧਣ-ਫੁੱਲਣ ਲਈ ਲਾਜ਼ਮੀ ਤੱਤ ਹਨ। ਜੌਹਨ ਹੌਰਗਨ ਨੇ ਆਖਿਆ ਕਿ ਸਾਡੇ ਸੂਬੇ ਨੂੰ ਮਹਾਨ ਬਣਾਉਣ ਵਾਲੀ ਸਭਿਆਚਾਰਕ ਵੰਨ-ਸੁਵੰਨਤਾ ਨੂੰ ਕਾਇਮ ਰੱਖਣਾ ਅਤੇ ਇਸ ਨੂੰ ਅੱਗੇ ਵਧਾਉਣਾ ਸਾਡਾ ਪਹਿਲਾ ਫ਼ਰਜ਼ ਹੈ। 

ਵਿਸਾਖੀ ਸਮਾਗਮ ਵਿਚ ਭਾਰਤ ਦੀ ਕੌਂਸਲ ਜਨਰਲ ਅਭਿਲਾਸ਼ਾ ਜੋਸ਼ੀ ਵੀ ਸ਼ਾਮਲ ਹੋਏ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਵਿਕਟੋਰੀਆ ਦੀ ਮੇਅਰ ਲਿਜ਼ਾ ਹੈਲਪਸ ਨੇ ਕਿਹਾ ਕਿ ਆਉਣ ਵਾਲੇ ਵਰਿਆਂ ਦੌਰਾਨ ਵਿਸਾਖੀ ਦਾ ਤਿਉਹਾਰ ਵਧੇਰੇ ਉਤਸ਼ਾਹ ਨਾਲ ਮਨਾਉਂਦਿਆਂ ਅਸੀਂ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਵਿਕਟੋਰੀਆ ਸ਼ਹਿਰ ਦੀ ਪਛਾਣ ਵੰਨ-ਸੁਵੰਨੇ ਸਭਿਆਚਾਰਕ ਪਿਛੋਕੜ ਵਾਲੇ ਪ੍ਰਵਾਸੀਆਂ ਦਾ ਨਿੱਘਾ ਸਵਾਗਤ ਕਰਨ ਵਾਲਿਆਂ ਵਜੋਂ ਹੋਵੇ।