ਕੈਨੇਡਾ ਫੈਡਰਲ ਚੋਣਾ – PM ਟਰੂਡੋ ਤੇ ਸ਼ੀਅਰ ਨੇ ਵਿਗਿਆਪਨਾਂ ‘ਤੇ ਖਰਚੇ ਹਜ਼ਾਰਾਂ ਡਾਲਰ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਸਿਆਸੀ ਪਾਰਟੀਆਂ ਕੈਨੇਡੀਅਨ ਲੋਕਾਂ ਨੂੰ ਰਿਝਾਉਣ ਲਈ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੀਆਂ ਹਨ। ਇੰਨਾ ਹੀ ਨਹੀਂ ਇਹ ਪਾਰਟੀਆਂ ਫੇਸਬੁੱਕ ਰਾਹੀਂ ਆਪਣੇ ਵਾਅਦਿਆਂ ਨੂੰ ਲੋਕਾਂ ਤੱਕ ਪਹੁੰਚਾ ਰਹੀਆਂ ਹਨ। ਇਸ ਲਈ ਲਿਬਰਲ ਪਾਰਟੀ ਤੋਂ ਲੈ ਕੇ ਕੰਜ਼ਰਵੇਟਿਵ ਪਾਰਟੀ ਤੱਕ ਦੇ ਆਗੂਆਂ ਨੇ ਹਜ਼ਾਰਾਂ ਡਾਲਰ ਤੱਕ ਖਰਚ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਜੂਨ ਮਹੀਨੇ ਤੋਂ ਸ਼ੁਰੂ ਹੋਏ ਚੋਣ ਪ੍ਰਚਾਰ ਦੌਰਾਨ ਲਿਬਰਲਾਂ ਤੇ ਕੰਜ਼ਰਵੇਟਿਵ ਪਾਰਟੀ ਨੇ ਫੇਸਬੁੱਕ 'ਤੇ ਆਪਣੇ ਕਈ ਵਿਗਿਆਪਨ ਦਿੱਤੇ। 

ਆਮ ਜਨਤਾ ਦੇ ਹਜ਼ਾਰਾਂ ਡਾਲਰ ਖਰਚਣ ਦੇ ਮਾਮਲੇ 'ਚ ਲਿਬਰਲ ਪਾਰਟੀ ਸਭ ਤੋਂ ਅੱਗੇ ਹੈ। ਲਿਬਰਲ ਪਾਰਟੀ ਦੇ ਜਸਟਿਨ ਟਰੂਡੋ ਨੇ ਜੂਨ ਤੇ ਅੱਧੇ ਜੁਲਾਈ ਮਹੀਨੇ 'ਚ ਲਿਬਰਲ ਪਾਰਟੀ ਤੇ ਆਪਣੇ ਨਿੱਜੀ ਫੇਸਬੁੱਕ ਪੇਜ ਦੇ ਵਿਗਿਆਪਨਾਂ 'ਤੇ ਕਰੀਬ 92,307 ਡਾਲਰ ਖਰਚ ਦਿੱਤੇ। ਪਰ ਇਸ ਮਾਮਲੇ 'ਚ ਕੰਜ਼ਰਵੇਟਿਵ ਪਾਰਟੀ ਦੇ ਐਂਡ੍ਰਿਊ ਸ਼ੀਅਰ ਵੀ ਪਿੱਛੇ ਨਹੀਂ ਰਹੇ। ਉਨ੍ਹਾਂ ਨੇ ਪਾਰਟੀ ਤੇ ਨਿੱਜੀ ਵਿਗਿਆਪਨਾਂ 'ਤੇ ਕਰੀਬ 87,441 ਡਾਲਰ ਖਰਚ ਦਿੱਤੇ। ਇਸ ਦੇ ਨਾਲ ਹੀ ਇਸ ਸਬੰਧੀ ਜਾਰੀ ਇਕ ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਕੰਜ਼ਰਵੇਟਿਵ ਪਾਰਟੀ ਚੋਣਾਂ ਸਬੰਧੀ ਆਪਣੇ ਵਿਗਿਆਪਨਾਂ 'ਚ ਸਭ ਤੋਂ ਜ਼ਿਆਦਾ ਪੈਸੇ ਖਰਚ ਕਰ ਰਹੀ ਹੈ। ਦਸਣਯੋਗ ਹੈ ਕਿ ਫੇਸਬੁੱਕ ਦੇ ਡਾਟਾ ਮੁਤਾਬਕ ਕੈਨੇਡੀਅਨ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਲਿਬਰਲ ਪਾਰਟੀ ਵਲੋਂ ਫੇਸਬੁੱਕ 'ਤੇ ਕਰੀਬ 1218 ਵਿਗਿਆਪਨ ਹਨ। 

ਲਿਬਰਲਾਂ ਨੇ ਪ੍ਰਤੀ ਵਿਗਿਆਪਨ 75 ਡਾਲਰ ਖਰਚੇ ਹਨ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਤੇ ਪਾਰਟੀ ਦੇ 284 ਵਿਗਿਆਪਨ ਫੇਸਬੁੱਕ 'ਤੇ ਚਲ ਰਹੇ ਹਨ ਤੇ ਇਸ ਲਈ ਕਰੀਬ 307 ਡਾਲਰ ਪ੍ਰਤੀ ਵਿਗਿਆਪਨ ਖਰਚੇ ਜਾ ਰਹੇ ਹਨ। ਇਨ੍ਹਾਂ ਮੁੱਖ ਪਾਰਟੀਆਂ ਤੋਂ ਇਲਾਵਾ ਸਿੱਖ ਆਗੂ ਜਗਮੀਤ ਸਿੰਘ ਦੀ ਅਗਵਾਈ ਵਾਲੀ ਐੱਨ.ਡੀ.ਪੀ. ਪਾਰਟੀ ਨੇ ਆਪਣੇ ਵਿਗਿਆਪਨਾਂ 'ਤੇ ਸਿਰਫ 392 ਡਾਲਰ ਖਰਚੇ ਉਥੇ ਹੀ ਗ੍ਰੀਮ ਪਾਰਟੀ ਨੇ ਆਪਣੇ ਵਿਗਿਆਪਨਾਂ 'ਤੇ 1,036 ਡਾਲਰ ਤੇ ਬਲੋਕ ਕਿਊਬੀਕੋਸ ਨੇ ਸਿਰਫ 384 ਡਾਲਰ ਹੀ ਆਪਣੇ ਵਿਗਿਆਪਨਾਂ 'ਤੇ ਖਰਚੇ।