ਕਨੇਡਾ ਨੇ ਭਾਰਤ ਤੋਂ ਆਣ ਵਾਲੀ ਫਲਾਈਟਸ ਉੱਤੇ ਪਾਬੰਦੀ 21 ਜੂਨ ਤੱਕ ਵਧਾਈ

by vikramsehajpal

ਉਨਟਾਰੀਓ (ਦੇਵ ਇੰਦਰਜੀਤ) : ਫੈਡਰਲ ਸਰਕਾਰ ਵੱਲੋਂ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ ਲੱਗੀ ਪਾਬੰਦੀ ਨੂੰ 21 ਜੂਨ ਤੱਕ ਵਧਾ ਦਿੱਤਾ ਗਿਆ ਹੈ। ਇਹ ਫੈਸਲਾ ਅਹਿਤਿਆਤਨ ਲਿਆ ਗਿਆ ਹੈ ਕਿਊਂਕਿ ਇਨ੍ਹਾਂ ਦੇਸ਼ਾਂ ਵਿੱਚ ਕੋਵਿਡ-19 ਵੇਰੀਐਂਟਸ ਵਿੱਚ ਵਾਧਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ।

ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਸੁ਼ੱਕਰਵਾਰ ਨੂੰ ਇਹ ਐਲਾਨ ਕੀਤਾ। ਦੱਸਿਆ ਗਿਆ ਕਿ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਆਉਣ ਵਾਲੇ ਟਰੈਵਲਰਜ਼, ਜਿਹੜੇ ਨੈਗੇਟਿਵ ਪੀ ਸੀ ਆਰ ਟੈਸਟ ਵਿਖਾਉਣ ਲਈ ਅਸਿੱਧਾ ਰੂਟ ਲੈਂਦੇ ਹਨ, ਲਈ ਹੋਰ ਮਾਪਦੰਡ ਵੀ ਬਣਾਏ ਗਏ ਹਨ। 30 ਦਿਨ ਦੀ ਪਾਬੰਦੀ ਸੱਭ ਤੋਂ ਪਹਿਲਾਂ 22 ਅਪਰੈਲ ਨੂੰ ਲਾਈ ਗਈ ਸੀ।ਅਲਘਬਰਾ ਨੇ ਆਖਿਆ ਕਿ ਸਰਹੱਦੀ ਪਾਬੰਦੀਆਂ ਵਿੱਚ ਢਿੱਲ ਦੇਣ ਜਾਂ ਇਨ੍ਹਾਂ ਨੂੰ ਹਟਾਉਣ ਦਾ ਇਹ ਸਹੀ ਸਮਾਂ ਨਹੀਂ ਹੈ।

ਉਨ੍ਹਾਂ ਆਖਿਆ ਕਿ ਪਿਛਲੇ ਮਹੀਨੇ ਅਸੀਂ ਇਹ ਫੈਸਲਾ ਡਾਟਾ ਨੂੰ ਵੇਖਦਿਆਂ ਹੋਇਆਂ ਲਿਆ ਸੀ। ਇਨ੍ਹਾਂ ਦੋਵਾਂ ਦੇਸ਼ਾਂ ਤੋਂ ਆਉਣ ਵਾਲੇ ਟਰੈਵਲਰਜ਼ ਵਿੱਚ ਇਨਫੈਕਸ਼ਨ ਕਾਫੀ ਜਿ਼ਆਦਾ ਪਾਈ ਜਾ ਰਹੀ ਸੀ। ਇਸ ਲਈ ਪਬਲਿਕ ਹੈਲਥ ਦੀ ਸਲਾਹ ਉੱਤੇ ਹੀ ਇਹ ਪਾਬੰਦੀ ਲਾਉਣ ਦਾ ਫੈਸਲਾ ਲਿਆ ਗਿਆ ਸੀ ਤੇ ਹੁਣ ਵੀ ਇਸ ਅਧਾਰ ਉੱਤੇ ਹੀ ਇਹ ਫੈਸਲਾ ਲਿਆ ਗਿਆ ਹੈ ਤੇ ਅਜੇ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਕੋਈ ਇਰਾਦਾ ਵੀ ਨਹੀਂ ਹੈ।