by vikramsehajpal
ਓਟਾਵਾ (ਦੇਵ ਇੰਦਰਜੀਤ) : ਫੈਡਰਲ ਚੋਣ ਕੈਂਪੇਨ ਦੇ ਨਾਲ ਨਾਲ ਅਫਗਾਨਿਸਤਾਨ ਸੰਕਟ ਵੀ ਕੈਨੇਡੀਅਨ ਆਗੂਆਂ ਦੀ ਗੱਲਬਾਤ ਦਾ ਮੁੱਖ ਹਿੱਸਾ ਹੈ। ਇਸ ਦੌਰਾਨ ਕੈਨੇਡਾ ਵੱਲੋਂ ਕਾਬੁਲ ਤੋਂ ਆਪਣੇ ਨਾਗਰਿਕਾਂ ਤੇ ਹੋਰਨਾਂ ਭਾਈਵਾਲਾਂ ਨੂੰ ਬਾਹਰ ਕੱਢਣ ਦੇ ਮਿਸ਼ਨ ਨੂੰ ਖ਼ਤਮ ਕਰ ਦਿੱਤਾ ਗਿਆ।
ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਸਵੇਰੇ ਆਖਰੀ ਕੈਨੇਡੀਅਨ ਜਹਾਜ਼ ਨੇ ਕਾਬੁਲ ਏਅਰਪੋਰਟ ਛੱਡਿਆ।ਪਰ ਕੁੱਝ ਕੈਨੇਡੀਅਨ ਨਾਗਰਿਕ ਤੇ ਅਫਗਾਨੀ ਲੋਕ ਪਿੱਛੇ ਹੀ ਰਹਿ ਗਏ ਜਿਹੜੇ ਸਮੇਂ ਸਿਰ ਜਹਾਜ਼ ਨਹੀਂ ਫੜ੍ਹ ਪਾਏ। ਇਸ ਤੋਂ ਕੁੱਝ ਸਮੇਂ ਬਾਅਦ ਹੀ ਕਾਬੁਲ ਏਅਰਪੋਰਟ ਦੇ ਬਾਹਰ ਦੋ ਧਮਾਕੇ ਹੋਏ ਜਿਸ ਵਿੱਚ ਦਰਜਨਾਂ ਤੋਂ ਵੱਧ ਲੋਕ ਮਾਰੇ ਗਏ। ਇਹ ਖੁਲਾਸਾ ਰੂਸ ਦੇ ਵਿਦੇਸ਼ ਮੰਤਰਾਲੇ ਵੱਲੋਂ ਕੀਤਾ ਗਿਆ।
ਲਿਬਰਲ ਆਗੂ ਜਸਟਿਨ ਟਰੂਡੋ ਨੇ ਆਖਿਆ ਕਿ ਇਹ ਬਹੁਤ ਹੀ ਮੁਸ਼ਕਲ ਦਿਨ ਰਿਹਾ ਪਰ ਅਜੇ ਵੀ ਉਸ ਦੇਸ਼ ਦਾ ਕੰਮ ਪੂਰੀ ਤਰ੍ਹਾਂ ਨਹੀਂ ਮੁੱਕਿਆ ਹੈ।ਉਨ੍ਹਾਂ ਆਖਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਅਸੀਂ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੇ ਹਾਂ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਉੱਥੋਂ ਬਾਹਰ ਕੱਢਿਆ ਜਾ ਸਕੇ। ਅਸੀਂ ਉਨ੍ਹਾਂ ਦਾ ਦਰਦ ਵੀ ਸਮਝਦੇ ਹਾਂ ਜਿਹੜੇ ਸਮੇਂ ਸਿਰ ਇਨ੍ਹਾਂ ਆਰਜ਼ੀ ਪ੍ਰਬੰਧਾਂ ਦਾ ਫਾਇਦਾ ਨਹੀਂ ਉਠਾ ਸਕੇ।
ਟਰੂਡੋ ਨੇ ਭਰੋਸਾ ਦਿਵਾਇਆ ਕਿ ਅਸੀਂ ਆਪਣੇ ਭਾਈਵਾਲਾਂ ਤੇ ਰੀਜਨਲ ਪਾਰਟਨਰਜ਼ ਨਾਲ ਰਲ ਕੇ ਕੰਮ ਕਰਦੇ ਰਹਾਂਗੇ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਸੈਂਕੜੇ ਅਫਗਾਨੀਆਂ ਨੂੰ ਪਰਿਵਾਰਾਂ ਸਮੇਤ ਕੈਨੇਡਾ ਲਿਆ ਸਕੀਏ।ਇਸ ਤੋਂ ਇਲਾਵਾ ਅਸੀਂ ਤਾਲਿਬਾਨ ਉੱਤੇ ਇਹ ਦਬਾਅ ਵੀ ਪਾ ਕੇ ਰੱਖਾਂਗੇ ਕਿ ਉਹ ਲੋਕਾਂ ਨੂੰ ਅਫਗਾਨਿਸਤਾਨ ਵਿੱਚੋਂ ਬਾਹਰ ਨਿਕਲਣ ਦੇਣ।