ਟੋਰਾਂਟੋ , 04 ਅਕਤੂਬਰ ( NRI MEDIA )
1) ਐਨਡੀਪੀ ਲੀਡਰ ਜਗਮੀਤ ਸਿੰਘ ਇੱਕ ਵਾਰ ਫਿਰ ਹੋਈ ਨਸਲੀ ਨਫਰਤ ਦਾ ਸ਼ਿਕਾਰ ਹੋਏ ਹਨ , ਸੜਕ ਤੇ ਜਾਂਦੇ ਹੋਏ ਜਗਮੀਤ ਸਿੰਘ ਨੂੰ ਇੱਕ ਵਿਅਕਤੀ ਵੱਲੋਂ ਆਪਣੀ ਪੱਗ ਉਤਾਰ ਕੇ ਚੋਣਾਂ ਲੜਨ ਦੀ ਗੱਲ ਆਖੀ ਗਈ , ਜਿਸ ਦੇ ਜਵਾਬ ਵਿੱਚ ਜਗਮੀਤ ਸਿੰਘ ਨੇ ਉਨ੍ਹਾਂ ਨੂੰ ਕੈਨੇਡਾ ਦੀ ਇਸ ਵਿਭਿੰਨਤਾ ਬਾਰੇ ਦੱਸਿਆ , ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ |
2) ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰੂ ਸ਼ਿਅਰ ਇੱਕ ਨਵੇਂ ਵਿਵਾਦ ਵਿੱਚ ਫਸ ਗਏ ਹਨ , ਐਂਡਰੂ ਸ਼ਿਅਰ ਉੱਤੇ ਦੂਹਰੀ ਨਾਗਰਿਕਤਾ ਦਾ ਵੱਡਾ ਦੋਸ਼ ਲੱਗਾ ਹੈ ਹਾਲਾਂਕਿ ਕੰਜ਼ਰਵੇਟਿਵ ਪਾਰਟੀ ਨੇ ਇਸ ਦੋਸ਼ ਨੂੰ ਸਵੀਕਾਰ ਕਰ ਲਿਆ ਹੈ , ਐਂਡਰੂ ਸ਼ੀਅਰ ਦੇ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ , ਜਿਸ ਉੱਤੇ ਬੋਲਦੇ ਹੋਏ ਐਂਡਰੂ ਸ਼ਿਅਰ ਨੇ ਕਿਹਾ ਕਿ ਅਸਲ ਵਿੱਚ ਇਸ ਦਾ ਖੁਲਾਸਾ ਇਸ ਲਈ ਨਹੀਂ ਹੋਇਆ ਕਿਉਂਕਿ ਕਦੇ ਉਨ੍ਹਾਂ ਨੂੰ ਇਸ ਬਾਰੇ ਸਵਾਲ ਨਹੀਂ ਪੁੱਛਿਆ ਗਿਆ |
3) ਲਿਬਰਲ ਪਾਰਟੀ ਦੇ ਨੇਤਾ ਅਤੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਹੁਣ ਚੀਨ ਨਾਲ ਜੁੜੇ ਵਿਵਾਦ ਵਿੱਚ ਫਸ ਗਏ ਹਨ , ਹਰਜੀਤ ਸਿੰਘ ਸੱਜਣ ਨੇ ਪਿਛਲੇ ਦਿਨੀ ਵੈਨਕੂਵਰ ਦੇ ਵਿੱਚ ਚੀਨੀ ਕੌਂਸਲਰ ਦੀ ਇੱਕ ਮੀਟਿੰਗ ਵਿੱਚ ਭਾਗ ਲਿਆ ਸੀ ਜਿੱਥੇ ਚੀਨ ਦੀ ਸੱਤਰਵੀਂ ਵਰ੍ਹੇਗੰਢ ਮਨਾਈ ਜਾ ਰਹੀ ਸੀ ਚੀਨ ਨਾਲ ਕੈਨੇਡਾ ਦੇ ਸਬੰਧ ਬਿਹਤਰ ਨਾ ਹੋਣ ਕਰਕੇ ਹੁਣ ਲੋਕਾਂ ਵੱਲੋਂ ਹਰਜੀਤ ਸਿੰਘ ਸੱਜਣ ਤੇ ਨਿਸ਼ਾਨੇ ਸਾਧੇ ਜਾ ਰਹੇ ਹਨ |
4) ਕੈਨੇਡਾ ਦੀਆਂ ਫੈਡਰਲ ਚੋਣਾਂ ਨੂੰ ਲੈ ਕੇ ਬਲਾਕ ਕਿਉਬਿਕਸ ਵੱਲੋਂ ਵੀ ਲਗਾਤਾਰ ਇਸ ਗੱਲ ਦਾ ਦਮ ਭਰਿਆ ਜਾ ਰਿਹਾ ਹੈ ਕਿ ਫੈਡਰਲ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਚੰਗਾ ਪ੍ਰਦਰਸ਼ਨ ਕਰੇਗੀ , ਬਲਾਕ ਕਿਉਬਿਕਸ ਦੇ ਨੇਤਾ ਨੇ ਪਿਛਲੇ ਦਿਨੀਂ ਹੋਈ ਡਿਬੇਟ ਵਿੱਚ ਸਾਫ਼ ਕੀਤਾ ਕਿ ਉਨ੍ਹਾਂ ਦੀ ਪਾਰਟੀ ਕਿਊਬਕ ਸੂਬੇ ਨੂੰ ਰੀਪ੍ਰੈਜ਼ੈਂਟ ਕਰਦੀ ਹੈ , ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਹਾਊਸ ਆਫ਼ ਕਾਮਨਸ ਦੀਆਂ 78 ਸੀਟਾਂ ਉੱਤੇ ਕਿਊਬਕ ਵਾਸੀਆਂ ਦੇ ਦਮ ਤੇ ਜਿੱਤ ਪ੍ਰਾਪਤ ਕਰਨਗੇ
5) ਕੈਨੇਡੀਅਨ ਆਮ ਚੋਣਾਂ ਵਿਚ ਵੱਧ ਤੋਂ ਵੱਧ ਪੋਲਿੰਗ ਯਕੀਨੀ ਬਣਾਉਣ ਖ਼ਾਤਰ ਇਲੈਕਸ਼ਨਜ਼ ਕੈਨੇਡਾ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ , 11 ਅਕਤੂਬਰ ਤੋਂ 14 ਅਕਤੂਬਰ ਤੱਕ ਹੋਣ ਵਾਲੀ ਐਡਵਾਂਸ ਪੋਲਿੰਗ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ , ਕੈਨੇਡਾ ਦੇ 2 ਕਰੋੜ 80 ਲੱਖ ਲੋਕਾਂ ਨੂੰ ਵੋਟਰ ਜਾਣਕਾਰੀ ਕਾਰਡ ਭੇਜੇ ਗਏ ਹਨ ਜੋ ਇਸ ਹਫ਼ਤੇ ਦੇ ਅੰਤ ਤੱਕ ਉਨਾਂ ਕੋਲ ਪਹੁੰਚ ਜਾਣਗੇ , 21 ਅਕਤੂਬਰ ਨੂੰ ਕੈਨੇਡਾ ਵਿੱਚ ਉਪਲਬਧ ਨਾ ਹੋਣ ਵਾਲੇ ਲੋਕ ਐਡਵਾਂਸ ਪੋਲਿੰਗ ਕਰ ਸਕਣਗੇ |