ਓਂਟਾਰੀਓ (ਵਿਕਰਮ ਸਹਿਜਪਾਲ) : ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਸਾਲ 2040 ਤੱਕ ਦੇ ਨਜ਼ਰੀਏ ਅਨੁਸਾਰ ਸਿਟੀ ਨਵੀਆਂ ਖੋਜਾਂ ਅਤੇ ਤਕਨਾਲੋਜੀ ਦੇ ਖੇਤਰ 'ਚ ਸਿਰਮੌਰ ਬਣਨਾ ਚਾਹੁੰਦੀ ਹੈ। 2018 ਦੇ ਫੈਡਰਲ ਸਮਾਰਟ ਸਿਟੀਜ਼ ਚੈਲੇਂਜ ਰਾਹੀਂ ਬਰੈਂਪਟਨ ਦੀ ਤਾਂਘ ਅਤੇ ਟੀਚਾ ਸਮਾਰਟ ਸਿਟੀ ਬਣਨਾ ਹੈ। ਇਸ ਸਬੰਧੀ ਬਿੱਲ ਸਿਟੀ ਕਾਊਂਸਿਲ ਦੀ ਬੈਠਕ 'ਚ ਮੇਅਰ ਪੈਟ੍ਰਿਕ ਬ੍ਰਾਊਨ ਦੀ ਹਾਜ਼ਰੀ 'ਚ ਪਾਸ ਕੀਤਾ ਗਿਆ।
ਬਿੱਲ 'ਚ ਕਿਹਾ ਗਿਆ ਕਿ ਬਰੈਂਪਟਨ ਦੀ ਆਰਥਿਕ ਵਿਕਾਸ ਯੋਜਨਾ ਸਬੰਧੀ ਮਾਸਟਰ ਪਲਾਨ 'ਚ ਨਵੀਆਂ ਖੋਜਾਂ ਅਤੇ ਤਕਨਾਲੋਜੀ ਨੂੰ ਹੀ ਇਸ ਉਦੇਸ਼ ਦੀ ਪੂਰਤੀ ਲਈ ਸਫਲਤਾ ਦੀ ਕੁੰਜੀ ਦੱਸਿਆ ਗਿਆ ਹੈ। ਬਰੈਂਪਟਨ ਦੀ ਸਮਾਰਟ ਸਿਟੀ ਟੀਮ ਸਮਾਰਟ ਸਿਟੀ ਪ੍ਰੋਗਰਾਮ ਰਣਨੀਤੀ ਤਿਆਰ ਕਰਨ ਦੀ ਪ੍ਰਕਿਰਿਆ 'ਚ ਹੈ। ਸਮਾਰਟ ਸਿਟੀ ਲਈ ਸੱਭ ਤੋਂ ਵੱਡੀ ਲੋੜ ਕਨੈਕਟੀਵਿਟੀ ਨੂੰ ਮੰਨਿਆ ਗਿਆ ਹੈ।
ਇਸ 'ਚ ਕੋਈ ਸ਼ੱਕ ਨਹੀਂ ਕਿ 5ਜੀ ਨਵੀਂ ਅਤੇ ਤੇਜ਼ ਤਕਨਾਲੋਜੀ ਹੈ, ਜਿਸ ਦਾ ਤਕਨੀਕੀ ਤੇ ਆਰਥਿਕ ਪੱਖੋਂ ਬਰੈਂਪਟਨ ਨੂੰ ਫਾਇਦਾ ਹੋਵੇਗਾ। ਜ਼ਿਕਰਯੋਗ ਹੈ ਕਿ ਕਾਫੀ ਸ਼ਹਿਰ 5ਜੀ ਸਮਰੱਥ ਨਹੀਂ ਹਨ ਇਸ ਲਈ ਬਰੈਂਪਟਨ ਇਸ ਪੱਖੋਂ ਲੀਡਰ ਦੀ ਭੂਮਿਕਾ ਨਿਭਾਅ ਸਕਦਾ ਹੈ। 5ਜੀ ਸਮਰੱਥ ਸ਼ਹਿਰ ਨਵੇਂ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਅਤੇ ਕਾਰੋਬਾਰਾਂ 'ਚ ਵਾਧਾ ਕਰਨ ਵਾਲਿਆਂ ਲਈ ਬਰਾਬਰ ਮੌਕੇ ਮੁਹੱਈਆ ਕਰਵਾ ਸਕਦੀ ਹੈ ਅਤੇ ਖਿੱਚ ਦਾ ਕਾਰਨ ਵੀ ਬਣ ਸਕਦੀ ਹੈ।
ਦੂਜੇ ਪਾਸੇ ਪ੍ਰਾਈਵੇਟ ਸੈਕਟਰਾਂ ਨੂੰ ਨਾਲ ਲੈ ਕੇ ਚੱਲਣ ਲਈ ਨਵੇਂ ਰਾਹ ਭਾਲਣੇ ਵੀ ਸਮਾਰਟ ਸ਼ਹਿਰ ਦੀ ਨੀਂਹ ਹੈ। ਇੱਥੇ ਨਿਵੇਸ਼ ਅਤੇ ਫਾਇਦੇ ਸਾਂਝੇ ਕੀਤੇ ਜਾਣਗੇ। ਤਕਨਾਲੋਜੀ ਨੂੰ ਲਾਗੂ ਕਰਨ ਅਤੇ ਇਸ ਦੀ ਸੁਚੱਜੀ ਵਰਤੋਂ ਕਰਨਾ ਹੀ ਭਵਿੱਖ ਦਾ ਮਾਡਲ ਹੋਵੇਗੀ।