ਮਾਮੂਲੀ ਵਿਵਾਦ ਬਣਿਆ ਕਾਲ : ਇਟਲੀ ਤੋਂ ਪਰਤੇ ਵਿਅਕਤੀ ਦਾ ਕਤਲ, 3 ਕਾਬੂ

by jaskamal

ਪੱਤਰ ਪ੍ਰੇਰਕ : ਦੋ ਮਹੀਨੇ ਪਹਿਲਾਂ ਇਟਲੀ ਤੋਂ ਪਰਤੇ ਸੰਤੋਖ ਸਿੰਘ (50) ਦਾ ਲੋਹੀਆਂ ਦੇ ਪਿੰਡ ਮਿਆਣੀ ਵਿਖੇ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ। ਜਦੋਂ ਉਸ ਨੇ ਟਰੈਕਟਰ ਦੀ ਮਦਦ ਨਾਲ ਖੇਤਾਂ ਦੇ ਨਾਲ ਲੱਗਦੀ ਜ਼ਮੀਨ ਵਿੱਚੋਂ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜਦੋਂ ਉਸ ਦਾ ਲੜਕਾ ਅਤੇ ਪਤਨੀ ਉਸ ਨੂੰ ਬਚਾਉਣ ਲਈ ਆਏ ਤਾਂ ਉਹ ਵੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਸੰਤੋਖ ਸਿੰਘ 2 ਮਹੀਨੇ ਪਹਿਲਾਂ ਵਿਦੇਸ਼ ਤੋਂ ਆਪਣੇ ਪਿੰਡ ਮਿਆਣੀ ਆਇਆ ਸੀ। ਕੱਲ੍ਹ ਜਦੋਂ ਉਸ ਨੇ ਆਪਣੇ ਖੇਤਾਂ ਦੇ ਨਾਲ ਲੱਗਦੀ ਜ਼ਮੀਨ ਵਿੱਚੋਂ ਟਰੈਕਟਰ ਲੈ ਕੇ ਰਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਜ਼ਮੀਨ ਦੇ ਮਾਲਕਾਂ ਨੇ ਉਸ ’ਤੇ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਦੀ ਕੁੱਟਮਾਰ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਸੰਤੋਖ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਉਸ ਨੇ ਰੌਲਾ ਸੁਣਿਆ ਤਾਂ ਉਸ ਨੇ ਅਤੇ ਉਸ ਦੇ ਲੜਕੇ ਸਰਬਜੀਤ ਸਿੰਘ ਨੇ ਦੇਖਿਆ ਕਿ ਕੁਝ ਲੋਕ ਉਸ ਦੇ ਪਤੀ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਸਨ।

ਜਦੋਂ ਉਹ ਅਤੇ ਉਸ ਦਾ ਲੜਕਾ ਸੰਤੋਖ ਸਿੰਘ ਨੂੰ ਬਚਾਉਣ ਲਈ ਅੱਗੇ ਆਏ ਤਾਂ ਦੋਵਾਂ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਸਾਰੇ ਕਥਿਤ ਦੋਸ਼ੀ ਭੱਜ ਗਏ। ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਖੂਨ ਵਹਿ ਰਿਹਾ ਸੀ ਅਤੇ ਉਸ ਨੂੰ ਸਰਕਾਰੀ ਹਸਪਤਾਲ ਲੋਹੀਆਂ ਵਿਖੇ ਲਿਜਾਇਆ ਗਿਆ ਪਰ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ।

ਇਸ ਮੌਕੇ ਥਾਣਾ ਲੋਹੀਆਂ ਦੇ ਐਸ.ਐਚ.ਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਧਾਰਾ 307 ਬਦਲ ਕੇ 302 ਕਰ ਦਿੱਤੀ ਜਾਵੇਗੀ।