ਪੱਤਰ ਪ੍ਰੇਰਕ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਦਿੱਤਾ ਹੈ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਮਾਇਆਵਤੀ ਵੱਲੋਂ ਬੁਲਾਈ ਗਈ ਪਾਰਟੀ ਅਧਿਕਾਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪੁੱਜੇ ਬਸਪਾ ਸ਼ਾਹਜਹਾਨਪੁਰ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਉਦੈਵੀਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ਉੱਤਰਾਧਿਕਾਰੀ ਐਲਾਨਿਆ ਹੈ। ਉਨ੍ਹਾਂ ਦੱਸਿਆ ਕਿ ਮਾਇਆਵਤੀ ਨੇ ਇਹ ਐਲਾਨ ਇੱਥੇ ਬਸਪਾ ਦਫ਼ਤਰ ਵਿੱਚ ਹੋਈ ਦੇਸ਼ ਭਰ ਦੇ ਪਾਰਟੀ ਆਗੂਆਂ ਦੀ ਮੀਟਿੰਗ ਵਿੱਚ ਕੀਤਾ।
ਬਸਪਾ ਵਿਧਾਨ ਪ੍ਰੀਸ਼ਦ ਦੇ ਮੈਂਬਰ ਭੀਮ ਰਾਓ ਅੰਬੇਡਕਰ ਨੇ ਵੀ ਪੁਸ਼ਟੀ ਕੀਤੀ ਕਿ ਮਾਇਆਵਤੀ ਨੇ ਆਕਾਸ਼ ਆਨੰਦ ਨੂੰ ਆਪਣਾ ਉੱਤਰਾਧਿਕਾਰੀ ਐਲਾਨਿਆ ਹੈ। ਉਨ੍ਹਾਂ ਕਿਹਾ, "ਸਾਨੂੰ ਅਕਾਸ਼ ਆਨੰਦ ਵਿੱਚ ਇੱਕ ਨੌਜਵਾਨ ਆਗੂ ਮਿਲਿਆ ਹੈ। ਜਿਸ ਰਾਜ ਵਿੱਚ ਪਾਰਟੀ ਸੰਗਠਨ ਕਮਜ਼ੋਰ ਹੈ, ਆਨੰਦ ਪਾਰਟੀ ਨੂੰ ਮਜ਼ਬੂਤ ਕਰੇਗਾ।" ਜਦੋਂ ਪਾਰਟੀ ਦੇ ਸੂਬਾ ਪ੍ਰਧਾਨ ਵਿਸ਼ਵਨਾਥ ਪਾਲ ਤੋਂ ਆਨੰਦ ਨੂੰ ਮਾਇਆਵਤੀ ਦਾ ਉੱਤਰਾਧਿਕਾਰੀ ਬਣਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ''ਪੂਰਾ ਬਹੁਜਨ ਭਾਈਚਾਰਾ ਖੁਸ਼ ਹੈ।'' ਹਾਲਾਂਕਿ ਪਾਰਟੀ ਦੇ ਅਧਿਕਾਰਤ ਬਿਆਨ 'ਚ ਅਜਿਹੇ ਕਿਸੇ ਐਲਾਨ ਦਾ ਜ਼ਿਕਰ ਨਹੀਂ ਕੀਤਾ ਗਿਆ।