ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਦੇਰ ਰਾਤ ਮੋਟਰਸਾਈਕਲ ਤੇ ਘਰ ਜਾ ਰਹੇ ਭੈਣ -ਭਰਾ 'ਤੇ ਕੁਝ ਲੁਟੇਰਿਆਂ ਵਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ ਨੌਜਵਾਨ ਅਜੇ ਬੁਰੀ ਤਰਾਂ ਜਖ਼ਮੀ ਹੋ ਗਿਆ, ਜਿਸ ਨੂੰ ਗੰਭੀਰ ਜਖ਼ਮੀ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਲੁਟੇਰੇ ਕੁੜੀ ਦੇ ਕੰਨਾਂ 'ਚੋ ਸੋਨੇ ਦੀਆਂ ਵਾਲੀਆਂ ਤੇ ਹੋਰ ਸਾਮਾਨ ਖੋਹ ਕੇ ਫਰਾਰ ਹੋ ਗਏ।
ਜਖ਼ਮੀ ਨੌਜਵਾਨ ਦੇ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਲੁਟੇਰੇ ਕੋਈ ਬਾਹਰੋਂ ਨਹੀ ਆਏ ਸਨ ਸਗੋਂ ਨਾਲ ਲੱਗਦੇ ਪਿੰਡ ਦੇ ਰਹਿਣ ਵਾਲੇ ਸਨ । ਲੁਟੇਰਿਆਂ 'ਚੋ ਇੱਕ ਨੌਜਵਾਨ ਦੀ ਪਛਾਣ ਹੋ ਚੁੱਕੀ ਹੈ। ਜਖ਼ਮੀ ਨੌਜਵਾਨ ਅਜੇ ਨੇ ਕਿਹਾ ਕਿ ਲੁਟੇਰਿਆਂ ਨੇ ਉਸ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ,ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ । ਲੁਟੇਰੇ ਨਸ਼ੇ ਵਿੱਚ ਟੱਲੀ ਸਨ, ਉਹ ਕਾਫੀ ਸਮੇ ਤੱਕ ਮੋਟਰਸਾਈਕਲ ਦਾ ਪਿੱਛਾ ਕਰ ਰਹੇ ਸਨ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।