ਨਿਊਜ਼ ਡੈਸਕ : ਪੰਜਾਬ ਵਿਚ ਵਜ਼ੀਫਾ ਘੁਟਾਲੇ ਤੋਂ ਬਾਅਦ ਹੁਣ ਪੈਨਸ਼ਨ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ। ਦਰਅਸਲ ਪੰਜਾਬ ਦੇ ਸਾਬਕਾ ਵਿਧਾਇਕਾਂ ਨੂੰ ਉਨ੍ਹਾਂ ਪੈਨਸ਼ਨ ਦੀ ਰਕਮ ਨਾਲੋਂ ਤਿੰਨ ਗੁਣਾ ਜ਼ਿਆਦਾ ਰਕਮ ਦਿੱਤੀ ਜਾ ਰਹੀ ਸੀ। ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਬੀਤੇ ਪੰਜ ਸਾਲਾਂ ਤੋਂ ਇਹ ਘਪਲਾ ਚੱਲ ਰਿਹਾ ਸੀ। ਇਥੇ ਦੱਸ ਦਈਏ ਕਿ 100 ਕਰੋੜ ਤੋਂ ਵਧ ਦੇ ਘਪਲੇ ਦਾ ਪਰਦਾਫਾਸ਼ ਹੋਇਆ ਹੈ। ਸਰਕਾਰੀ ਪੈਨਸ਼ਨ ਦੀ ਰਕਮ ਮੁਤਾਬਿਕ ਹਰ ਸਾਬਕਾ ਵਿਧਾਇਕ ਨੂੰ ਸਰਕਾਰ ਵੱਲੋਂ 19,220 ਮਹੀਨਾ ਪੈਨਸ਼ਨ ਮਿਲਦੀ ਹੈ ਪਰ ਇਸ ਰਕਮ ਵਿਚ ਤਿੰਨ ਗੁਣਾ ਰਕਮ ਐਡ ਕਰ ਕੇ 75,150 ਰੁਪਏ ਦੀ ਰਕਮ ਹਰ ਵਿਧਾਇਕ ਦੇ ਖਾਤੇ ਪਾਈ ਜਾ ਰਹੀ ਸੀ।
ਇਸੇ ਤਰ੍ਹਾਂ ਹਰ ਮਹੀਨੇ ਸਰਕਾਰ ਕੋਲੋਂ ਇਕ ਪੈਨਸ਼ਨ ਪਿੱਛੇ 55,925 ਵਾਧੂ ਰਕਮ ਹਰ ਵਿਧਾਇਕ ਦਾ ਖਾਤੇ ਪਾਈ ਜਾ ਰਹੀ ਸੀ। ਸੂਤਰਾਂ ਦੀ ਮੰਨੀਏ ਤਾਂ ਇਸ ਬਾਬਤ ਸਬੰਧਿਤ ਅਧਿਕਾਰੀਆਂ ਨੂੰ ਵੀ ਜਾਣਕਾਰੀ ਸੀ ਪਰ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੇ ਆਪਣੀ ਜ਼ੁਬਾਨ ਨਹੀਂ ਖੋਲ੍ਹੀ ਤੇ ਨਾ ਹੀ ਇਸ ਸਬੰਧੀ ਕਿਸੇ ਕੋਲ ਸ਼ਿਕਾਇਤ ਕਰਨ ਦੀ ਜ਼ਹਿਮਤ ਕੀਤੀ ਸੀ। ਪੰਜਾਬ ਵਿਚ ਕਈ ਵਿਧਾਇਕ ਅਜਿਹੇ ਵੀ ਹਨ ਜਿਨ੍ਹਾਂ ਨੂੰ 4-4, 5-5 ਪੈਨਸ਼ਨਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਇਨ੍ਹਾਂ ਵਿਧਾਇਕਾਂ ਵੱਲੋਂ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਖੋਰਾ ਲਾਇਆ ਜਾ ਰਿਹਾ ਸੀ। ਮੀਡੀਆ ਰਿਪੋਰਟਾਂ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਦਾ ਅੱਧੇ ਤੋਂ ਜ਼ਿਆਦਾ ਖਜ਼ਾਨਾ ਸਾਬਕਾ ਵਿਧਾਇਕਾਂ ਦੇ ਖਾਤਿਆਂ ਵਿਚ ਹੀ ਜਾ ਰਿਹਾ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਨਵੀਂ ਬਣੀ ਮਾਨ ਸਰਕਾਰ ਇਸ ਘਪਲੇ ਵਿਰੁੱਧ ਕੀ ਕਾਰਵਾਈ ਕਰਦੀ ਹੈ।