ਪੱਤਰ ਪ੍ਰੇਰਕ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸਤ 'ਚ ਆਈ ਉਥਲ-ਪੁਥਲ ਰੁਕਣ ਦੇ ਸੰਕੇਤ ਨਹੀਂ ਦੇ ਰਹੀ ਹੈ। ਦਿੱਲੀ 'ਚ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅੱਜ ਫਿਰ ਤੋਂ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਇਸ ਦੌਰਾਨ ਹਰਜੋਤ ਬੈਂਸ ਦੇ ਨਾਲ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਹੋਰ ਵਰਕਰਾਂ ਤੇ ਆਗੂਆਂ ਨੂੰ ਵੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ‘ਆਪ’ ਆਗੂਆਂ ਨੇ ਪ੍ਰਧਾਨ ਮੰਤਰੀ ਨਿਵਾਸ ਦੀ ਘੇਰਾਬੰਦੀ ਕਰਨ ਦਾ ਐਲਾਨ ਕੀਤਾ ਸੀ, ਜਿਸ ਮਗਰੋਂ ਪੁਲੀਸ ਨੇ ‘ਆਪ’ ਆਗੂਆਂ ਨੂੰ ਦਿੱਲੀ ਦੇ ਪਟੇਲ ਚੌਕ ਤੋਂ ਹਿਰਾਸਤ ਵਿੱਚ ਲੈ ਲਿਆ ਹੈ।
ਇੱਥੇ ਇਹ ਵੀ ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹਰਜੋਤ ਸਿੰਘ ਬੈਂਸ ਨੂੰ ਪੁਲਿਸ ਨੇ ਦੂਜੀ ਵਾਰ ਹਿਰਾਸਤ ਵਿੱਚ ਲਿਆ ਹੈ। ਇਸ ਤੋਂ ਪਹਿਲਾਂ ਬੈਂਸ ਨੂੰ ਪੁਲਿਸ ਨੇ ਪਿਛਲੇ ਸ਼ੁੱਕਰਵਾਰ ਨੂੰ ਹਿਰਾਸਤ ਵਿੱਚ ਲਿਆ ਸੀ। ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਭਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਆਗੂਆਂ ਨੇ ਆਪਣੀਆਂ ਪ੍ਰੋਫਾਈਲ ਤਸਵੀਰਾਂ ਬਦਲ ਲਈਆਂ ਹਨ। ਇਨ੍ਹਾਂ ਤਸਵੀਰਾਂ 'ਚ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਹੋਏ 'ਮੋਦੀ ਦਾ ਸਭ ਤੋਂ ਵੱਡਾ ਡਰ, ਕੇਜਰੀਵਾਲ' ਲਿਖਿਆ ਹੋਇਆ ਹੈ।