ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਸ਼ਹੂਰ ਕਬੱਡੀ ਖ਼ਿਡਾਰੀ ਸਰਬਜੀਤ ਸੱਭਾ ਦੇ ਫਾਰਮ ਹਾਊਸ ’ਤੇ ਬੀਤੀ ਦਿਨੀਂ ਕੀਤੀ ਗਈ ਗੋਲ਼ੀ ਬਾਰੀ ਦੇ ਮਾਮਲੇ ਵਿਚ ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਗੁਣਾਚੋਰ ਥਾਣਾ ਮੁਕੰਦਪੁਰ ਵਿਖੇ ਦੋ ਮੋਟਰਸਾਈਕਲਾਂ ਸਵਾਰਾਂ ਵਲੋਂ ਪਿੰਡ ਗੁਣਾਚੋਰ ਦੇ ਵਸਨੀਕ ਤੇ ਮਸ਼ਹੂਰ ਕੂਬੱਡੀ ਖਿਡਾਰੀ ਸਰਬਜੀਤ ਸੱਭਾ ਦੇ ਫਾਰਮ ਹਾਊਸ ’ਤੇ ਫਾਇਰਿੰਗ ਕੀਤੀ ਗਈ ਸੀ।
ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਦੋ ਪਿਸਟਲ ਅਤੇ 08 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਥਾਣਾ ਦੇ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਗੁਣਾਚੋਰ ਵਿਖੇ ਵਿਨੋਦ ਕੁਮਾਰ ਪੁੱਤਰ ਜੀਤ ਰਾਮ ਵਾਸੀ ਕੁਨੈਲ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਰਾਕੇਸ਼ ਕੁਮਾਰ ਪੁੱਤਰ ਭਜਨ ਦਾਸ ਵਾਸੀ ਪਿੰਡ ਪਿਪਲੀਵਾਲ ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਗਲੈਮਰ ਮੋਟਰ ਸਾਈਕਲ ਨੰਬਰੀ PB-24-C-1722 ਰੰਗ ਲਾਲ ’ਤੇ ਸਵਾਰ ਹੋ ਕੇ ਪਿੰਡ ਗੁਣਾਚੋਰ ਦੇ ਵਸਨੀਕ ਸਰਬਜੀਤ ਸਿੰਘ ਉਰਫ ਸੱਭਾ ਪੁੱਤਰ ਸੁਰਿੰਦਰ ਪਾਲ ਦੇ ਪੋਲਟਰੀ ਫਾਰਮ ਦੇ ਬਾਹਰ ਆਏ ਤੇ ਵਿਨੋਦ ਕੁਮਾਰ ਪੁੱਤਰ ਜੀਤ ਰਾਮ ਨੇ ਪੋਲਟਰੀ ਫਾਰਮ ਦੇ ਗੇਟ ’ਤੇ ਆ ਕੇ ਸਰਬਜੀਤ ਸਿੰਘ ਉਰਫ ਸੱਭਾ ਅਤੇ ਉਸਦੇ ਚਾਚੇ ਸ਼ਿਵ ਰਾਜ ਵੱਲ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਅਤੇ ਦੋਵੇਂ ਵਿਅਕਤੀ ਫਾਇਰ ਕਰਕੇ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ’ਤੇ ਫਰਾਰ ਹੋ ਗਏ ਸਨ। ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਪਾਸੋਂ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਘਟਨਾ ਦੇ ਕਾਰਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।