ਅੰਮ੍ਰਿਤਸਰ ਡੈਸਕ (ਵਿਕਰਮ ਸਹਿਜਪਾਲ) : ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ ਦੀ ਬੁਕਿੰਗ ਸ਼ੁਰੂ ਹੋ ਗਈ ਹੈ ਅਤੇ ਪਹਿਲੀ ਉਡਾਣ 27 ਸਤੰਬਰ ਨੂੰ ਕੌਮਾਂਤਰੀ ਸੈਰ-ਸਪਾਟਾ ਦਿਹਾੜੇ ਮੌਕੇ ਰਵਾਨਾ ਹੋਵੇਗੀ। ਅੰਮ੍ਰਿਤਸਰ ਅਤੇ ਟੋਰਾਂਟੋ ਦਰਮਿਆਨ ਹਵਾਈ ਸਫ਼ਰ ਦੀ ਸ਼ੁਰੂਆਤ ਨਾਲ ਮਾਝਾ, ਮਾਲਵਾ ਅਤੇ ਦੋਆਬਾ ਤਿੰਨੋ ਖਿਤਿਆਂ ਦੇ ਲੋਕਾਂ ਨੂੰ ਫ਼ਾਇਦਾ ਹੋਵੇਗਾ।
ਏਅਰ ਇੰਡੀਆ ਵੱਲੋਂ ਇਕ ਪਾਸੇ ਦਾ ਕਿਰਾਇਆ 50 ਹਜ਼ਾਰ 890 ਰੁਪਏ ਤੈਅ ਕੀਤਾ ਗਿਆ ਹੈ ਜਦਕਿ ਰਿਟਰਨ ਟਿਕਟ ਲੈਣ 'ਤੇ 92 ਹਜ਼ਾਰ 737 ਰੁਪਏ ਅਦਾ ਕਰਨੇ ਹੋਣਗੇ। ਏਅਰ ਇੰਡੀਆ ਵੱਲੋਂ ਮੁਹੱਈਆ ਜਾਣਕਾਰੀ ਮੁਤਾਬਕ ਇਹ ਉਡਾਣ ਹਫ਼ਤੇ ਵਿਚ ਤਿੰਨ ਦਿਨ ਭਾਵ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਵੱਡੇ ਤੜਕੇ 3 ਵਜੇ ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ ਅਤੇ ਟੋਰਾਂਟੋ ਦਾ ਸਫ਼ਰ ਤੈਅ ਕਰਨ ਵਿਚ 16 ਘੰਟੇ ਲੱਗਣਗੇ।
ਪੰਜਾਬ ਤੋਂ ਮੁਸਾਫ਼ਰਾਂ ਨੂੰ ਲਿਆਉਣ ਲਈ ਐਤਵਾਰ, ਮੰਗਲਵਾਰ ਅਤੇ ਵੀਰਵਾਰ ਨੂੰ ਸ਼ਾਮ 7 ਵਜੇ ਅਤੇ 7.50 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਜਹਾਜ਼ ਰਵਾਨਾ ਹੋਣਗੇ ਅਤੇ 45 ਮਿੰਟ ਦੇ ਸਫ਼ਰ ਮਗਰੋਂ ਸਾਰੇ ਮੁਸਾਫ਼ਰ ਦਿੱਲੀ ਪਹੁੰਚ ਜਾਣਗੇ। ਇਨਾਂ ਮੁਸਾਫ਼ਰਾਂ ਨੂੰ ਦਿੱਲੀ ਤੋਂ ਬੋਇੰਗ 777 ਹਵਾਈ ਜਹਾਜ਼ ਰਾਹੀਂ ਟੋਰਾਂਟੋ ਰਵਾਨਾ ਕੀਤਾ ਜਾਵੇਗਾ। ਮੁਸਾਫ਼ਰਾਂ ਦੀ ਇੰਮੀਗ੍ਰੇਸ਼ਨ, ਸੁਰੱਖਿਆ ਜਾਂਚ ਅਤੇ ਕਸਟਮਜ਼ ਕਲੀਅਰੈਂਸ ਅੰਮ੍ਰਿਤਸਰ ਹਵਾਈ ਅੱਡੇ 'ਤੇ ਹੀ ਕਰ ਦਿਤੀ ਜਾਵੇਗੀ।
ਯਾਤਰੀਆਂ ਨੂੰ ਆਪਣੇ ਨਾਲ 23 ਕਿਲੋ ਵਜ਼ਨੀ ਸਮਾਨ ਅਤੇ ਇਕ ਹੈਂਡ ਬੈਗ ਲਿਜਾਣ ਦੀ ਇਜਾਜ਼ਤ ਹੋਵੇਗੀ। ਦੂਜੇ ਪਾਸੇ ਟੋਰਾਂਟੋ ਤੋਂ ਪੰਜਾਬ ਆਉਣ ਲਈ ਹਵਾਈ ਜਹਾਜ਼ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਰਾਤ 11.45 ਵਜੇ ਰਵਾਨਾ ਹੋਣਗੇ। ਏਅਰ ਇੰਡੀਆ ਦੇ ਪੰਜਾਰਬੀ ਮਾਮਲਿਆਂ ਦੇ ਮੈਨੇਜਰ ਆਰ.ਕੇ. ਨੇਗੀ ਨੇ ਦੱਸਿਆ ਕਿ ਮੁਸਾਫ਼ਰਾਂ ਦੀ ਮੰਗ ਦੇ ਆਧਾਰ 'ਤੇ ਹਫ਼ਤੇ ਵਿਚ ਤਿੰਨ ਦਿਨ ਚੱਲਣ ਵਾਲੀ ਉਡਾਣ ਦੇ ਗੇੜਿਆਂ ਵਿਚ ਵਾਧਾ ਵੀ ਕੀਤਾ ਜਾ ਸਕਦਾ ਹੈ।