ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰਨਾਥ ਗੁਫਾ ਨੇੜੇ ਬੱਦਲ ਫਟਣ ਕਾਰਨ ਹੁਣ ਤੱਕ 16 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਕਰੀਬ 40 ਲੋਕ ਲਾਪਤਾ ਹਨ ਤੇ 50 ਤੋਂ ਵੱਧ ਜ਼ਖਮੀ ਹਨ। ਬੱਦਲ ਫਟਣ ਤੋਂ ਬਾਅਦ ਪਹਾੜੀ ਤੋਂ ਆਏ ਪਾਣੀ ਨੇ ਸ਼ਰਧਾਲੂਆਂ ਲਈ ਲਗਾਏ ਗਏ ਲੰਗਰਾਂ ਸਮੇਤ ਕਰੀਬ 40 ਟੈਂਟਾਂ ਨੂੰ ਰੁੜ ਦਿੱਤਾ।
ਹਜ਼ਾਰਾਂ ਲੋਕਾਂ ਨੂੰ ਹਵਾਈ ਜਹਾਜ਼ ਰਾਹੀਂ ਸੁਰੱਖਿਅਤ ਥਾਂ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਹਾਦਸੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਫਿਲਹਾਲ ਯਾਤਰਾ 'ਤੇ ਰੋਕ ਲਗਾ ਦਿੱਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਅਮਰਨਾਥ ਗੁਫਾ ਤੋਂ ਲਗਭਗ ਦੋ ਕਿਲੋਮੀਟਰ ਦੀ ਦੂਰੀ 'ਤੇ ਬੱਦਲ ਫਟ ਗਿਆ। ਇਸ ਕਾਰਨ ਗੁਫਾ ਦੇ ਸਾਹਮਣੇ ਵਹਿਣ ਵਾਲੇ ਨਾਲੇ ਵਿੱਚ ਹੜ੍ਹ ਨੇ ਤਬਾਹੀ ਮਚਾਈ।
ਪਵਿੱਤਰ ਗੁਫਾ ਦੇ ਬਿਲਕੁਲ ਸਾਹਮਣੇ ਸ਼ਰਧਾਲੂਆਂ ਲਈ ਟੈਂਟ ਸਿਟੀ (ਯਾਤਰੀ ਕੈਂਪ) ਬਣਾਇਆ ਗਿਆ ਹੈ। ਇੱਥੇ ਇੱਕ ਤੰਬੂ 'ਚ ਚਾਰ ਤੋਂ ਛੇ ਵਿਅਕਤੀਆਂ ਦੇ ਠਹਿਰਣ ਦਾ ਪ੍ਰਬੰਧ ਹੈ। ਤੇਜ਼ ਕਰੰਟ ਨਾਲ ਆ ਰਿਹਾ ਪਾਣੀ ਦਰਜਨਾਂ ਟੈਂਟਾਂ ਨੂੰ ਵਹਾ ਕੇ ਲੈ ਗਿਆ। ਹਾਦਸੇ ਦੇ ਸਮੇਂ ਮੀਂਹ ਪੈ ਰਿਹਾ ਸੀ ਅਤੇ ਜ਼ਿਆਦਾਤਰ ਯਾਤਰੀ ਟੈਂਟ ਦੇ ਅੰਦਰ ਸਨ। ਹੜ੍ਹ ਨਾਲ ਤਿੰਨ ਲੰਗਰ ਅਤੇ 40 ਦੇ ਕਰੀਬ ਟੈਂਟ ਵਹਿ ਗਏ। ਯਾਤਰੀਆਂ ਵਿੱਚ ਭਗਦੜ ਮੱਚ ਗਈ ਅਤੇ ਰੌਲਾ ਪੈ ਗਿਆ।