ਜੰਮੂ-ਕਸ਼ਮੀਰ (ਦੇਵ ਇੰਦਰਜੀਤ) : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਕੰਟਰੋਲ ਲਾਈਨ 'ਤੇ ਇਕ ਅਗਾਂਹਵਧੂ ਚੌਕੀ ਨੇੜੇ ਗਸ਼ਤ ਦੌਰਾਨ ਧਮਾਕਾ ਹੋਣ ਕਾਰਨ ਇਕ ਅਧਿਕਾਰੀ ਸਮੇਤ ਫੌਜ ਦੇ ਦੋ ਜਵਾਨਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ ਵਿੱਚ ਧਮਾਕਾ ਉਸ ਸਮੇਂ ਹੋਇਆ, ਜਦੋਂ ਫੌਜ ਦੀ ਇੱਕ ਟੁੱਕੜੀ ਸੀਮਾ ਪਾਰ ਅੱਤਵਾਦੀਆਂ ਦੀ ਘੁਸਪੈਠ ਦੀ ਰੋਕਥਾਮ ਸਬੰਧੀ ਉਪਰਾਲਿਆਂ ਦਾ ਜਾਇਜ਼ਾ ਲੈਣ ਲਈ ਗਸ਼ਤ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਘਟਨਾ ਵਿੱਚ ਇੱਕ ਲੈਫਟੀਨੈਂਟ ਸਮੇਤ ਦੋ ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਤੱਤਕਾਲ ਨੇੜਲੇ ਫੌਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਜਿਸ ਜਗ੍ਹਾ ਧਮਾਕਾ ਹੋਇਆ, ਉਸ ਸਥਾਨ 'ਤੇ ਫੌਜ ਨੇ ਬਰੂਦੀ ਸੁਰੰਗਾਂ ਵਿਛਾਈਆਂ ਹੋਈਆਂ ਹਨ ਤਾਂ ਕਿ ਸਰਹੱਦ ਪਾਰ ਘੁਸਪੈਠ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਧਮਾਕਾ ਕਿਸ ਤਰ੍ਹਾਂ ਦਾ ਸੀ, ਇਸ ਬਾਰੇ ਫਿਲਹਾਲ ਪਤਾ ਨਹੀਂ ਚੱਲ ਸਕਿਆ ਹੈ।
ਹਾਲਾਂਕਿ, ਗਸ਼ਤ ਦਲ ਨੂੰ ਨਿਸ਼ਾਨਾ ਬਣਾਉਣ ਲਈ ਅੱਤਵਾਦੀਆਂ ਵੱਲੋਂ ਆਈ.ਈ.ਡੀ. ਲਗਾਉਣ ਦਾ ਖਦਸ਼ੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਫੌਜ ਦੇ ਬੁਲਾਰਾ ਨੇ ਧਮਾਕੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਅੱਗੇ ਦੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।