ਲੁਧਿਆਣਾ ਦੇ ਸ਼ਹਿਰੀ ਖੇਤਰ ਦੀਆ 6 ਵਿਧਾਨ ਸਭਾ ਸੀਟਾਂ ਚੋਂ 5 ‘ਚ ਭਾਜਪਾ ਦਾ ਦਬਦਬਾ, ‘ਆਪ’ ਤੇ ਕਾਂਗਰਸ ਦੀ ਚਿੰਤਾ ਵਧੀ

by vikramsehajpal

ਲੁਧਿਆਣਾ (ਰਾਘਵ): ਲੁਧਿਆਣਾ ਲੋਕ ਸਭਾ ਸੀਟ ਤੋਂ ਬੇਸ਼ੱਕ ਕਾਂਗਰਸ ਨੂੰ ਵੱਡੀ ਜਿੱਤ ਮਿਲੀ ਹੈ, ਇਸ ਦੇ ਬਾਵਜੂਦ ਕਾਂਗਰਸ ਤੇ ‘ਆਪ’ ਦੇ ਆਗੂਆਂ ਦੀ ਚਿੰਤਾ ਵਧੀ ਹੋਈ ਦਿਖਾਈ ਦੇ ਰਹੀ ਹੈ। ਸ਼ਹਿਰ ਦੀਆਂ 6 ਵਿਧਾਨ ਸਭਾ ਸੀਟਾਂ ਸ਼ਹਿਰੀ ਖੇਤਰ ਵਿੱਚ ਹਨ। ਇਨ੍ਹਾਂ ਵਿੱਚੋਂ 5 ਹਲਕਿਆਂ ’ਤੇ ਭਾਜਪਾ ਦਾ ਦਬਦਬਾ ਰਿਹਾ ਤੇ ਇੱਕ ਹਲਕੇ ’ਤੇ ਕਾਂਗਰਸ ਅੱਗੇ ਰਹੀ। ਪੰਜ ਸੀਟਾਂ ’ਤੇ ਦੋਵਾਂ ਪਾਰਟੀਆਂ ਦੀ ਵੋਟ ਘਟਣ ਕਾਰਨ ਦੋਵਾਂ ਦੇ ਆਗੂਆਂ ਦੀ ਚਿੰਤਾ ਵਧ ਗਈ ਹੈ।

ਦੋਵਾਂ ਪਾਰਟੀਆਂ ਨੂੰ ਡਰ ਸਤਾ ਰਿਹਾ ਹੈ ਕਿ ਜੇ ਇਹੋ ਜਿਹੇ ਹਾਲਾਤ ਨਿਗਮ ਚੋਣਾਂ ’ਚ ਰਹੇ ਤਾਂ ਦੋਹਾਂ ਪਾਰਟੀਆਂ ਦੇ ਹੱਥੋਂ ਮੇਅਰ ਦੀ ਕੁਰਸੀ ਖੁੱਸ ਜਾਵੇਗੀ। ਦੋਵਾਂ ਪਾਰਟੀਆਂ ਵੱਲੋਂ ਮੰਥਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਦੋਵਾਂ ਪਾਰਟੀਆਂ ਵੱਲੋਂ ਨਿਗਮ ਦੇ ਨਾਲ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਜਾ ਸਕੇ।

ਉਧਰ, ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਲੋਕ ਸਭਾ ਸੀਟ ’ਤੇ ਜਿੱਤ ਭਾਵੇਂ ਨਹੀਂ ਮਿਲੀ, ਪਰ ਹਾਰ ਦੇ ਬਾਵਜੂਦ ਭਾਜਪਾ ਆਗੂਆਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ। ਭਾਜਪਾ ਨੇਤਾਵਾਂ ਨੇ ਹੁਣ ਨਿਗਮ ਚੋਣਾਂ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ ਆਪਣੀ ਚਿੰਤਾ ਵੀਰਵਾਰ ਨੂੰ ਹੋਈ ਮੀਟਿੰਗ ’ਚ ਵੀ ਸਾਂਝੀ ਕਰ ਚੁੱਕੇ ਹਨ। ਰਾਜਾ ਵੜਿੰਗ ਦੇ ਸਵਾਗਤ ਲਈ ਰੱਖੀ ਮੀਟਿੰਗ ਵਿੱਚ ਤਲਵਾੜ ਇਹ ਮੁੱਦਾ ਰੱਖ ਚੁੱਕੇ ਹਨ। ਇਸ ਕਾਰਨ ਪਾਰਟੀ ਨੇ ਮੰਥਨ ਸ਼ੁਰੂ ਕਰ ਦਿੱਤਾ ਹੈ।

ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇਸ ਗੱਲ ਨੂੰ ਲੈ ਕੇ ਚਿੰਤਾ ’ਚ ਹਨ ਤੇ ਉਨ੍ਹਾਂ ਪਾਰਟੀ ਵਰਕਰਾਂ ਨੂੰ ਨਿਗਮ ਚੋਣਾਂ ਲਈ ਮਿਹਨਤ ਕਰਨ ਦੇ ਨਾਲ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ।

ਉਧਰ, ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਲੁਧਿਆਣਾ ਲੋਕ ਸਭਾ ਹਲਕੇ ਦੀਆਂ 9 ਵਿਧਾਨ ਸਭਾ ਸੀਟਾਂ ’ਚੋਂ 8 ’ਤੇ ਕਾਬਜ਼ ਹੈ। ਇਸ ਦੇ ਬਾਵਜੂਦ ‘ਆਪ’ ਉਮੀਦਵਾਰ ਨੂੰ ਕਿਸੇ ਵੀ ਹਲਕੇ ਤੋਂ ਲੀਡ ਨਹੀਂ ਮਿਲੀ ਤੇ ਉਮੀਦ ਅਨੁਸਾਰ ਵੋਟਾਂ ਵੀ ਨਹੀਂ ਪਈਆਂ। ਹੁਣ ‘ਆਪ’ ਨੂੰ ਵੀ ਨਿਗਮ ਚੋਣਾਂ ਦਾ ਡਰ ਸਤਾ ਰਿਹਾ ਹੈ। ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਮੰਥਨ ਕੀਤਾ ਜਾ ਰਿਹਾ ਹੈ। ਪਾਰਟੀ ਆਗੂਆਂ ਵੱਲੋਂ ਵੋਟਰਾਂ ਨੂੰ ਆਪਣੇ ਵੱਲ ਕਰਨ ਲਈ ਵਿਚਾਰਾਂ ਹੋ ਰਹੀਆਂ ਹਨ।