ਬੰਗਾਲ (ਦੇਵ ਇੰਦਰਜੀਤ) : ਬੰਗਾਲ ਵਿਧਾਨ ਸਭਾ ਚੋਣਾਂ 'ਚ ਤਿ੍ਣਮੂਲ ਕਾਂਗਰਸ (ਟੀਐੱਮਸੀ) ਦੀ ਜਿੱਤ ਤੇ ਹੁਣ ਭਵਾਨੀਪੁਰ ਵਿਧਾਨ ਸਭਾ ਜ਼ਿਮਨੀ ਚੋਣ 'ਚ ਖ਼ੁਦ ਰਿਕਾਰਡ ਵੋਟਾਂ ਨਾਲ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਕੁਝ ਜ਼ਿਆਦਾ ਹੀ ਆਤਮ ਵਿਸ਼ਵਾਸ ਨਾਲ ਭਰੀ ਨਜ਼ਰ ਆ ਰਹੀ ਹੈ। ਅਜਿਹਾ ਇਸ ਲਈ ਮੰਨਿਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਪਾਰਟੀ ਦੇ ਮੁੱਖ ਪੱਤਰ 'ਚ ਇਕ ਲੇਖ ਲਿਖ ਕੇ ਆਪਣੀ ਪਾਰਟੀ ਟੀਐੱਮਸੀ ਨੂੰ ਕਾਂਗਰਸ ਤੋਂ ਵੱਧ ਪ੍ਰਭਾਵਸ਼ਾਲੀ ਦੱਸਿਆ ਹੈ।
ਉਨ੍ਹਾਂ ਲਿਖਿਆ ਹੈ ਕਿ ਕਾਂਗਰਸ ਤੋਂ ਕੁਝ ਨਹੀਂ ਹੋਣ ਵਾਲਾ। ਭਾਜਪਾ ਨੂੰ ਸਿਰਫ਼ ਟੀਐੱਮਸੀ ਹੀ ਟੱਕਰ ਦੇ ਸਕਦੀ ਹੈ। ਮਮਤਾ ਨੇ ਪਾਰਟੀ ਦੇ ਮੁੱਖ ਪੱਤਰ ਜਾਗੋ ਬਾਂਗਲਾ ਦੇ ਦੁਰਗਾ ਪੂਜਾ ਵਿਸ਼ੇਸ਼ ਅੰਕ 'ਚ ਇਕ ਲੇਖ ਲਿਖਿਆ ਹੈ। ਇਸ 'ਚ ਉਨ੍ਹਾਂ ਲਿਖਿਆ ਕਿ ਦੇਸ਼ ਦੇ ਲੋਕਾਂ ਨੇ ਫਾਸ਼ੀਵਾਦੀ ਭਗਵਾ ਪਾਰਟੀ ਨੂੰ ਹਟਾ ਕੇ ਇਕ ਨਵਾਂ ਭਾਰਤ ਬਣਾਉਣ ਦੀ ਜ਼ਿੰਮੇਵਾਰੀ ਟੀਐੱਮਸੀ 'ਤੇ ਪਾ ਦਿੱਤੀ ਹੈ।
ਬੰਗਾਲ ਵਿਧਾਨ ਸਭਾ ਚੋਣਾਂ 'ਚ ਭਾਜਪਾ ਖ਼ਿਲਾਫ਼ ਸ਼ਾਨਦਾਰ ਜਿੱਤ ਤੋਂ ਬਾਅਦ ਟੀਐੱਮਸੀ ਨੇ ਦੇਸ਼ ਭਰ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ। ਇਸ ਲੇਖ ਦਾ ਸਿਰਲੇਖ 'ਦਿੱਲੀ ਆਰ ਡਾਕ' ਦਿੱਤਾ ਗਿਆ ਹੈ। ਇਸ ਦਾ ਮਤਲਬ 'ਹੁਣ ਦਿੱਲੀ ਚਲੋ' ਹੈ।