ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਅਤੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜ਼ਹਿਲ ਪਾਰਟੀ ਅਤੇ ਭਾਜਪਾ ਵਰਕਰਾਂ ਨੂੰ ਗੁੰਡਾ ਕਹਿਣ ’ਤੇ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਭਾਜਯੁਮੋ ਦੇ ਉਪ-ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਰਾਘਵ ਚੱਢਾ ਨੂੰ ਈ-ਮੇਲ ਅਤੇ ਡਾਕ ਰਾਹੀਂ ਤਿੰਨ ਦਿਨਾਂ ’ਚ ਮੁਆਫ਼ੀ ਮੰਗਣ ਦਾ ਕਾਨੂੰਨੀ ਨੋਟਿਸ ਭੇਜਿਆ ਹੈ।
ਭਾਜਪਾ ਯੁਵਾ ਨੇਤਾ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਭਾਜਪਾ ਵਰਕਰਾਂ ਦੁਆਰਾ ਜਨਤਾ ਦੇ ਸਾਹਮਣੇ ਸਬੂਤਾਂ ਸਮੇਤ ਆਮ ਆਦਮੀ ਪਾਰਟੀ ਦੀਆਂ ਖਾਮੀਆਂ, ਝੂਠ, ਫਰੇਬ ਜਗਜ਼ਾਹਿਰ ਕਰਨ ਕਰਕੇ ਆਪ ਨੇਤਾ ਬੌਖਲਾ ਗਏ ਹਨ। ਉਹ ਇਹ ਭੁੱਲ ਗਏ ਹਨ ਕਿ ਭਾਜਪਾ ਆਪਣੇ ਕਰੋੜਾਂ ਵਰਕਰਾਂ ਦੀ ਨਿਰਸਵਾਰਥ ਮਿਹਨਤ ਅਤੇ ਲਗਨ ਨਾਲ ਦੇਸ਼ ਅਤੇ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣੀ ਹੈ।
ਜ਼ਿਕਰਯੋਗ ਹੈ ਕਿ ਰਾਘਵ ਚੱਢਾ ਨੇ ਦੋਸ਼ ਲਾਇਆ ਸੀ ਕਿ ਭਾਜਪਾ ਸ਼ਰਾਰਤੀ ਅਨਸਰਾਂ ਦੀ ਪਾਰਟੀ ਬਣ ਗਈ ਹੈ ਅਤੇ ਸ਼ਰਾਰਤੀ ਅਨਸਰਾਂ ਨੂੰ ਇਸ ਪਾਰਟੀ ਦੇ ਆਗੂਆਂ ਵੱਲੋਂ ਸਤਿਕਾਰ ਦਿੱਤਾ ਜਾਂਦਾ ਹੈ। ਸ਼ਰਾਰਤੀ ਅਨਸਰ ਅਤੇ ਅਪਰਾਧੀ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਭਾਜਪਾ ਦੇ ਅਪਰਾਧੀ ਅਨਸਰ ਆਮ ਆਦਮੀ ਪਾਰਟੀ ਦੇ ਨੇਤਾਵਾਂ ’ਤੇ ਹਮਲਾ ਕਰਦੇ ਹਨ।