ਦਿੱਲੀ (ਦੇਵ ਇੰਦਰਜੀਤ) : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੀਮਾ ਕੰਪਨੀਆਂ ਨੂੰ ਕਾਰੋਬਾਰ ਵਧਾਉਣ ਲਈ ਸੋਮੇ ਜੁਟਾਉਣ ਨੂੰ ਸੌਖਾ ਬਣਾਉਣ ਵਾਲਾ ਸਾਧਾਰਨ ਬੀਮਾ ਕਾਰੋਬਾਰ (ਕੌਮੀਕ੍ਰਿਤ) ਸੋਧ ਬਿੱਲ 2021 ਸ਼ੁੱਕਰਵਾਰ ਵਿਰੋਧੀ ਸੰਸਦ ਮੈਂਬਰਾਂ ਦੇ ਤਿੱਖੇ ਵਿਰੋਧ ਦਰਮਿਆਨ ਲੋਕ ਸਭਾ ਵਿਚ ਪੇਸ਼ ਕੀਤਾ। ਪ੍ਰੀਜ਼ਾਈਡਿੰਗ ਅਧਿਕਾਰੀ ਰਾਜਿੰਦਰ ਅਗਰਵਾਲ ਨੇ ਜਿਵੇਂ ਹੀ ਵਿੱਤ ਮੰਤਰੀ ਦਾ ਨਾਂ ਲਿਆ ਅਤੇ ਉਨ੍ਹਾਂ ਨੂੰ ਬਿੱਲ ਪੇਸ਼ ਕਰਨ ਲਈ ਕਿਹਾ ਤਾਂ ਪੇਗਾਸਸ ਆਦਿ ਮੁੱਦਿਆਂ ’ਤੇ ਪਹਿਲਾਂ ਤੋਂ ਹੀ ਹੰਗਾਮਾ ਕਰ ਰਹੇ ਵਿਰੋਧੀ ਮੈਂਬਰਾਂ ਦਾ ਰੌਲਾ-ਰੱਪਾ ਹੋਰ ਵੀ ਤੇਜ਼ ਹੋ ਗਿਆ।
ਆਰ. ਐੱਸ. ਪੀ. ਦੇ ਐੱਨ. ਕੇ ਪ੍ਰੇਮਚੰਦਰਨ ਨੇ ਇਸ ਬਿੱਲ ਦਾ ਤਿੱਖਾ ਵਿਰੋਧ ਕੀਤਾ ਅਤੇ ਕਿਹਾ ਕਿ ਬੀਮਾ ਬਿੱਲ ਵਿਚ ਸੋਧ ਕਰ ਕੇ ਸਰਕਾਰ ਬੀਮਾ ਕੰਪਨੀਆਂ ਦਾ ਨਿੱਜੀਕਰਨ ਕਰ ਰਹੀ ਹੈ। ਇਹ ਦੇਸ਼ ਦੀਆਂ ਇੰਸ਼ੋਰੈਂਸ ਕੰਪਨੀਆਂ ਲਈ ਖਤਰਨਾਕ ਸਾਬਿਤ ਹੋਵੇਗਾ। ਉਨ੍ਹਾਂ ਸਰਕਾਰ ਨੂੰ ਇਹ ਬਿੱਲ ਵਾਪਸ ਲੈਣ ਦੀ ਮੰਗ ਕੀਤੀ। ਸੀਤਾਰਮਨ ਨੇ ਬਿੱਲ ਰਾਹੀਂ ਸਰਕਾਰੀ ਕੰਪਨੀਆਂ ਦੇ ਨਿੱਜੀਕਰਨ ਦੇ ਦੋਸ਼ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਬਿੱਲ ਰਾਹੀਂ ਸਰਕਾਰੀ ਖੇਤਰ ਦੀਆਂ ਬੀਮਾ ਕੰਪਨੀਆਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਨਿੱਜੀ ਖੇਤਰ ਦੀਆਂ ਬੀਮਾ ਕੰਪਨੀਆਂ ਬਹੁਤ ਚੰਗਾ ਕੰਮ ਕਰ ਰਹੀਆਂ ਹਨ। ਉਹ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ ਪਰ ਸਰਕਾਰੀ ਖੇਤਰ ਦੀਆਂ ਕੰਪਨੀਆਂ ਕੋਲ ਸੋਮੇ ਨਹੀਂ ਹਨ। ਉਨ੍ਹਾਂ ਨੂੰ ਸੋਮੇ ਇਕੱਠੇ ਕਰਨ ਅਤੇ ਆਪਣਾ ਕਾਰੋਬਾਰ ਵਧਾਉਣ ਦਾ ਅਧਿਕਾਰ ਦੇਣ ਲਈ ਇਹ ਬਿੱਲ ਲਿਆਂਦਾ ਜਾ ਰਿਹਾ ਹੈ। ਹਾਊਸ ਨੂੰ ਇਸ ਨੂੰ ਪਾਸ ਕਰਨਾ ਚਾਹੀਦਾ ਹੈ।