ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ 'ਚ ਪੈਂਦੇ ਪਿੰਡ ਮੁੱਛਲ ਵਿਖੇ ਨਸ਼ਾ ਵੇਚਣ ਵਾਲਿਆਂ ਅਤੇ ਮਾਪਿਆਂ ਤੋਂ ਪਰੇ ਹੱਟ ਕੇ ਆਪਣੀ ਮਰਜ਼ੀ ਨਾਲ ਪਿੰਡ ‘ਚ ਹੀ ਵਿਆਹ ਕਰਵਾਉਣ ਵਾਲੇ ਨੌਜਵਾਨਾਂ ਦੀ ਹੁਣ ਸ਼ਾਮਤ ਆਉਣ ਵਾਲੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਜਥੇਦਾਰ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਨਸ਼ੇ ਦੀ ਲਪੇਟ ’ਚ ਆ ਕੇ ਕਈ ਘਰ ਬਰਬਾਦ ਹੋ ਚੁੱਕੇ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਨੌਜਵਾਨਾਂ ਵੱਲੋਂ ਮਾਪਿਆਂ ਦੇ ਕਹਿੰਣੇ ਤੋਂ ਬਾਹਰ ਹੋ ਕੇ ਆਪਣੀ ਮਰਜ਼ੀ ਨਾਲ ਪਿੰਡ ਵਿੱਚ ਹੀ ਵਿਆਹ ਕਰਵਾਏ ਜਾ ਰਹੇ ਹਨ। ਬੱਚਿਆਂ ਦੀਆਂ ਅਜਿਹੀਆਂ ਹਰਕਤਾਂ ਨਾਲ ਮਾਪਿਆਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚਦੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਅੱਗੇ ਤੋਂ ਜੋ ਵੀ ਕੋਈ ਵਿਅਕਤੀ ਇਸ ਪਿੰਡ ਵਿੱਚ ਨਸ਼ਾ ਵੇਚਦਾ ਫੜ੍ਹਿਆ ਗਿਆ, ਉਸ ਨੂੰ ਕਾਨੂੰਨ ਦੇ ਹਵਾਲੇ ਕੀਤਾ ਜਾਵੇਗਾ। ਦੂਜਾ ਜੇਕਰ ਕੋਈ ਬੱਚਾ ਜਾਂ ਬੱਚੀ ਆਪਣੀ ਮਰਜ਼ੀ ਨਾਲ ਮਾਪਿਆਂ ਤੋਂ ਪਰੇ ਹਟ ਕੇ ਪਿੰਡ ਵਿੱਚ ਵਿਆਹ ਕਰਵਾਉਂਦਾ ਹੈ ਤਾਂ ਉਸਦਾ ਬਾਈਕਾਟ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਕਤ ਬੱਚਿਆਂ ਨੂੰ ਪਿੰਡ ‘ਚੋਂ ਬਾਹਰ ਵੀ ਕੱਢ ਦਿੱਤਾ ਜਾਵੇਗਾ।