ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਮਰੀਕਾ ਤੋਂ ਚੱਲ ਰਹੇ ਡਰੱਗ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਦੱਸਿਆ ਜਾ ਰਿਹਾ ਦੇਰ ਰਾਤ ਨੂੰ ਪੁਲਿਸ ਨੇ ਚੈਕਿੰਗ ਦੌਰਾਨ ਕਰੋਸ਼ੀਆ ਨਾਲ ਸਬੰਧ ਰੱਖਣ ਵਾਲੀ ਮਹਿਲਾ ਸਣੇ 3 ਲੋਕਾਂ ਨੂੰ 18 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਦੀ ਕਾਰਵਾਈ ASI ਅਦਿੱਤਿਆ ਵਲੋਂ ਕੀਤੀ ਗਈ। ਪੁਲਿਸ ਅਨੁਸਾਰ 1988 'ਚ ਬਟਾਲਾ ਨੂੰ ਗੁਰਦਾਸਪੁਰ ਤੋਂ ਵੱਖਰਾ ਪੁਲਿਸ ਜ਼ਿਲ੍ਹਾ ਬਣਾਉਣ ਤੋਂ ਬਾਅਦ ਨਸ਼ੀਲੇ ਪਦਾਰਥਾਂ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਹੈ ।
ਇਹ ਗੈਂਗ ਅਮਰੀਕਾ ਤੋਂ ਮਨਦੀਪ ਸਿੰਘ ਧਾਲੀਵਾਲ ਚਲਾ ਰਿਹਾ ਸੀ। ਜਾਣਕਾਰੀ ਅਨੁਸਾਰ ਜਦੋ ਪੁਲਿਸ ਨੇ ਦੋਸ਼ੀ ਵਿਕਰਮਜੀਤ ਸਿੰਘ ,ਕੁਲਦੀਪ ਸਿੰਘ ਤੇ ਸੰਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਨ੍ਹਾਂ ਨੂੰ ਅਮਰੀਕਾ ਬੈਠੇ ਧਾਲੀਵਾਲ ਦੇ ਫੋਨ ਆ ਰਹੇ ਸਨ। ਪੁਲਿਸ ਅਧਿਕਾਰੀ ਹਰੀਸ਼ ਅਨੁਸਾਰ ਧਾਲੀਵਾਲ ਇਸ ਗੱਲ ਤੋਂ ਅਣਜਾਣ ਸਨ ਕਿ ਦੋਸ਼ੀ ਪੁਲਿਸ ਹਿਰਾਸਤ 'ਚ ਆਏ ਹਨ। ਬਰਾਮਦ ਕੀਤੀ 18 ਕਿਲੋ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 80 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।