ਨਿਊਜ਼ ਡੈਸਕ (ਰਿੰਪੀ ਸ਼ਰਮਾ): ਸੀ. ਆਈ. ਏ. ਸਟਾਫ਼ ਕਪੂਰਥਲਾ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਕਾਰ 'ਚ ਸਵਾਰ ਦੋ ਮੁਲਜਮਾਂ ਨੂੰ ਕਾਬੂ ਕਰਕੇ ਇਕ ਕਿੱਲੋ ਹੈਰੋਇਨ 'ਤੇ 2 ਨਾਜਾਇਜ਼ ਪਿਸਤੌਲ ਸਮੇਤ 10 ਜਿੰਦਾ ਰੌਂਦ ਬਰਾਮਦ ਕੀਤੇ ਹਨ। ਨਸ਼ੇ ਦਾ ਇਹ ਪੂਰਾ ਨੈਟਵਰਕ ਵਿਦੇਸ਼ ਵਿੱਚ ਬੈਠੇ ਇਕ ਮੁਲਜ਼ਮ ਵੱਲੋਂ ਚਲਾਇਆ ਜਾ ਰਿਹਾ ਹੈ।
ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਸੀ. ਆਈ. ਏ. ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੇ ਕਪੂਰਥਲਾ-ਸੁਭਾਨਪੁਰ ਮਾਰਗ 'ਤੇ ਅੱਡਾ ਭੀਲਾ ਟੀ-ਪੁਆਇੰਟ 'ਤੇ ਨਾਕਾਬੰਦੀ ਕੀਤੀ ਹੋਈ ਸੀ।
ਪੁਲਿਸ ਟੀਮ ਨੂੰ ਸੂਚਨਾ ਦਿੱਤੀ ਕਿ ਰਣਜੀਤ ਸਿੰਘ ਉਰਫ਼ ਬੱਬਲੂ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਬਤ ਨਗਰ, ਕਪੂਰਥਲਾ 'ਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਬਤ ਨਗਰ, ਕਪੂਰਥਲਾ ਜਿਹੜੇ ਕਿ ਨੇੜੇ-ਨੇੜੇ ਘਰਾਂ ‘ਚ ਰਹਿੰਦੇ ਹਨ 'ਤੇ ਕਾਫ਼ੀ ਸਮੇਂ ਤੋਂ ਗੱਡੀ 'ਚ ਅੰਮ੍ਰਿਤਸਰ ਤੋਂ ਹੈਰੋਇਨ ਲਿਆ ਕੇ ਕਪੂਰਥਲਾ ‘ਚ ਵੇਚਣ ਦਾ ਧੰਦਾ ਕਰਦੇ ਹਨ ਅਤੇ ਹੁਣ ਵੀ ਇਹ ਮੁਲਜਮ ਅੰਮ੍ਰਿਤਸਰ ਤੋਂ ਹੈਰੋਇਨ ਲਿਆ ਰਹੇ ਹਨ ਅਤੇ ਪਿੰਡ ਭੁਲੱਰਾਂ ਤੋਂ ਹੁੰਦੇ ਹੋਏ ਜੇਲ੍ਹ ਰੋਡ ਰਾਂਹੀ ਕਪੂਰਥਲਾ ਪਹੁੰਚ ਰਹੇ ਹਨ।
ਇਸ 'ਤੇ ਜਦੋਂ ਪੁਲਿਸ ਟੀਮ ਨੇ ਨਾਕਾਬੰਦੀ ਕਰਕੇ ਤੇਜ ਰਫ਼ਤਾਰ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ‘ਚ ਬੈਠ ਦੋਵਾਂ ਮੁਲਜਮਾਂ ਨੇ ਕਾਰ ‘ਚੋਂ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਪੁਲਿਸ ਮੁਲਾਜਮਾਂ ਨੇ ਪਿੱਛਾ ਕਰਕੇ ਕਾਬੂ ਕਰ ਲਿਆ। ਦੋਵਾਂ ਮੁਲਜਮਾਂ ਕੋਲੋਂ ਤਲਾਸ਼ੀ ਦੌਰਾਨ ਇੱਕ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ 7.65 ਐੱਮ. ਐੱਮ. ਦੇ ਦੋ ਪਿਸਤੌਲ ਸਮੇਤ 10 ਜਿੰਦਾ ਰੌਂਦ ਬਰਾਮਦ ਕੀਤੇ ਗਏ। ਐਸ.ਐਸ.ਪੀ ਨੇ ਦੱਸਿਆ ਕਿ ਇਸ ਪੂਰੇ ਨਸ਼ੇ ਦੇ ਕਾਰੋਬਾਰ ਨੂੰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦਾ ਸਾਲਾ ਹਿਮਾਂਸ਼ੂ ਜੋਕਿ ਵਿਦੇਸ਼ ‘ਚ ਗਿਆ ਹੋਇਆ ਹੈ, ਚਲਾ ਰਿਹਾ ਹੈ।