ਪੱਤਰ ਪ੍ਰੇਰਕ : ਪੁਲਿਸ ਕਮਿਸ਼ਨਰ ਜਲੰਧਰ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਵੱਡੀ ਗਿਣਤੀ ਵਿੱਚ ਜਾਅਲੀ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਬਰਾਮਦ ਕਰ ਕੇ ਜਾਅਲੀ ਦਸਤਾਵੇਜ਼ ਬਣਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਗਿਰੋਹ ਜਾਅਲੀ ਡਰਾਈਵਿੰਗ ਲਾਇਸੰਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਬਣਾਉਣ ਦਾ ਧੰਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਆਰ.ਟੀ.ਏ ਅਤੇ ਟਰਾਂਸਪੋਰਟ ਦਫ਼ਤਰ ਦੇ ਮੁਲਾਜ਼ਮਾਂ ਦੀ ਮਦਦ ਨਾਲ ਇੱਕ ਵਿਅਕਤੀ ਇਸ ਰੈਕੇਟ ਨੂੰ ਚਲਾ ਰਿਹਾ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਦੇ ਆਧਾਰ 'ਤੇ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਤਫ਼ਤੀਸ਼ ਦੇ ਆਧਾਰ 'ਤੇ ਪੁਲਿਸ ਨੇ ਅਰਵਿੰਦ ਕੁਮਾਰ ਨਾਮਕ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਉਸ ਦੇ ਕਬਜ਼ੇ 'ਚੋਂ ਇਕ ਲੈਪਟਾਪ, 2 ਪ੍ਰਿੰਟਰ, ਸਟੈਂਪ ਪੇਪਰ, ਬੀਮਾ ਸਰਟੀਫਿਕੇਟ ਅਤੇ ਅਰਜ਼ੀ ਫਾਰਮ ਸਮੇਤ ਕਈ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ 159 ਵਾਹਨ ਬੀਮਾ ਸਰਟੀਫਿਕੇਟ (ਬਿਨਾਂ ਕਿਊਆਰ ਕੋਡ), 222 ਵਾਹਨ ਸਰਟੀਫਿਕੇਟ (ਕਯੂਆਰ ਕੋਡ ਨਾਲ), 57 ਆਰਸੀ ਟ੍ਰਾਂਸਫਰ ਫਾਈਲਾਂ, 35 ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਦਸਤਾਵੇਜ਼ਾਂ ਸਮੇਤ 180 ਅਰਜ਼ੀ ਫਾਰਮ ਬਰਾਮਦ ਕੀਤੇ ਗਏ ਹਨ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਅਰਵਿੰਦ ਕੁਮਾਰ ਉਰਫ ਬਿੰਦੂ ਪੁੱਤਰ ਕਿਸ਼ੋਰੀ ਲਾਲ ਵਾਸੀ ਮਕਾਨ ਨੰਬਰ-15 ਉਪਕਾਰ ਨਗਰ, ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਡਵੀਜ਼ਨ ਨੰਬਰ 8 ਜਲੰਧਰ ਵਿਖੇ ਐਫ.ਆਈ.ਆਰ ਨੰਬਰ 45 ਮਿਤੀ 03-03-2024 ਅਧੀਨ 420, 465, 467, 468, 471, 120ਬੀ ਆਈ.ਪੀ.ਸੀ. ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਪਹਿਲਾਂ ਹੀ ਪੈਂਡਿੰਗ ਹੈ। ਮਾਮਲੇ ਬਾਰੇ ਹੋਰ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।