ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰਾਂ ਦੀ ਕੀਤੀ ਗਈ ਚੋਣ ’ਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਆਖਿਆ ਸੀ ਕਿ ਇਹ ਸਰਕਾਰ ਦਿੱਲੀ ਤੋਂ ਚੱਲਣ ਵਾਲੀ ਹੈ ਅਤੇ ਇਸ ਨੇ ਪੰਜਾਬ ਦੇ ਹੱਕ ’ਤੇ ਪਹਿਲਾ ਡਾਕਾ ਮਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚੋਂ ਰਾਜ ਸਭਾ ਲਈ ਦਿੱਲੀ ਦੇ ਆਗੂਆਂ ਨੂੰ ਭੇਜਣਾ ਮੰਦਭਾਗਾ ਹੈ। ਇਹ ਸਿੱਧਾ-ਸਿੱਧਾ ਪੰਜਾਬੀਆਂ ਦੇ ਹੱਕਾਂ ’ਤੇ ਡਾਕਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਰਾਜ ਸਭਾ ਵਿਚੋਂ ਹੀ ਪੰਜਾਬ ਦਾ ਪਾਣੀ ਵੀ ਖੋਹ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਨਾਲ ਸਿਆਸੀ ਤੌਰ ’ਤੇ ਨਹੀਂ ਸਗੋਂ ਪਰਿਵਾਰਕ ਤੌਰ ’ਤੇ ਜੁੜੇ ਹੋਏ ਹਨ। ਉਨ੍ਹਾਂ ‘ਆਪ’ ਵੱਲੋਂ ਨਿਯੁਕਤ ਕੀਤੇ ਰਾਜਸਭਾ ਮੈਂਬਰਾਂ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਦਿੱਲੀ ਤੋਂ ਰਾਜਸਭਾ ਮੈਂਬਰ ਲਏ ਗਏ ਹਨ, ਜਦਕਿ ਇਹ ਪੰਜਾਬ ਦਾ ਹੱਕ ਸੀ। ਉਨ੍ਹਾਂ ਕਿਹਾ ਕਿ ਇਹ ਰਾਜ ਦਿੱਲੀ ਤੋਂ ਚੱਲੇਗਾ ਹੁਣ ਪੰਜਾਬ ਦਾ ਪਾਣੀ ਵੀ ਉਹ ਦਿੱਲੀ ਲੈ ਜਾਣਗੇ।