ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੇਪਾਲ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰਾਜਧਾਨੀ ਕਾਠਮੰਡੂ 'ਚ ਪੁਲਿਸ ਨੇ ਸੋਨੇ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਸੋਨੇ ਦੀ ਵੱਡੇ ਪੱਧਰ 'ਤੇ ਤਸਕਰੀ ਕੀਤੀ ਜਾ ਰਹੀ ਸੀ । ਤ੍ਰਿਭੁਵਨ ਹਵਾਈ ਅੱਡੇ ਤੋਂ ਕਸਟਮ ਕਲੀਅਰੈਂਸ ਤੋਂ ਬਾਅਦ ਮਾਲ ਵਿਭਾਗ ਨੇ ਹਵਾਈ ਅੱਡੇ ਦੇ ਬਾਹਰੋਂ 155 ਕਿਲੋ ਸੋਨਾ ਬਰਾਮਦ ਕੀਤਾ ਹੈ।
ਇਸ ਮਾਮਲੇ ਵਿੱਚ ਪੁਲਿਸ ਵਲੋਂ ਹੁਣ ਤੱਕ 10 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ, ਜਦਕਿ ਕਸਟਮ ਵਿਭਾਗ ਦੇ 2 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਫਿਲਹਾਲ ਸਰਕਾਰ ਵਲੋਂ ਇਸ ਮਾਮਲੇ ਦੀ ਸਖ਼ਤੀ ਨਾਲ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਨੇਪਾਲ ਮਾਲ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਠਮੰਡੂ ਏਅਰਪੋਰਟ ਤੋਂ 1 ਕੁਇੰਟਲ ਸੋਨਾ ਬਾਹਰ ਕੱਢਿਆ ਜਾ ਰਿਹਾ ਹੈ ।
ਜਿਸ ਤੋਂ ਬਾਅਦ ਅਧਿਕਾਰੀ ਹਵਾਈ ਅੱਡੇ 'ਤੇ ਪਹੁੰਚ ਪਰ ਪਤਾ ਲੱਗਾ ਕਿ ਸੋਨਾ ਇੱਕ ਟੈਕਸੀ 'ਚ ਰੱਖ ਕੇ ਉਥੋਂ ਕੁਝ ਸਮੇ ਪਹਿਲਾਂ ਹੀ ਰਵਾਨਾ ਹੋਇਆ ਸੀ। ਮਾਲ ਵਿਭਾਗ ਨੇ ਪੁਲਿਸ ਟੀਮ ਦੀ ਮਦਦ ਨਾਲ ਸਾਰੇ ਰਸਤੇ ਨੂੰ ਸੀਲ ਕਰ ਦਿੱਤਾ ਤੇ ਸਾਰੀਆਂ ਟੈਕਸੀਆਂ ਦੀ ਤਲਾਸ਼ੀ ਲਈ ਗਈ । ਤਲਾਸ਼ੀ ਦੌਰਾਨ ਹਵਾਈ ਅੱਡੇ ਦੇ ਬਾਹਰ ਨਿਕਲਦੇ ਗੇਟ ਕੋਲ ਉਹ ਟੈਕਸੀ ਮਿਲ ਗਈ।
ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ 100 ਕਿਲੋ ਤੋਂ ਵੱਧ ਸੋਨੇ ਦੀ ਤਸਕਰੀ ਹੋ ਰਹੀ ਹੈ ਪਰ ਬਰਾਮਦ ਕੀਤਾ ਸੋਨਾ 155 ਮਿਲਿਆ। ਗ੍ਰਿਫ਼ਤਾਰ ਮੁੱਖ ਚੀਨੀ ਦੋਸ਼ੀ ਦੀ ਪਛਾਣ ਜਿਕਵਾਗ ਲਿੰਗ ਦੇ ਰੂਪ 'ਚ ਹੋਈ ਹੈ । ਇਸ ਮਾਮਲੇ ਸਬੰਧੀ ਪੁਲਿਸ ਨੇ 10 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।