ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਰੇਟਾ ਨੂੰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਕਿਰਾਏਦਾਰਾਂ ਵਲੋਂ ਪੈਸਿਆਂ ਦੇ ਲੈਣ ਦੇਣ ਦੀ ਰੰਜਿਸ਼ ਕਾਰਨ ਮਕਾਨ ਮਾਲਕ ਦਾ ਗੋਲੀਆਂ ਮਾਰ ਕਰ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪ੍ਰੇਮ ਕੁਮਾਰ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੀ ਪਤਨੀ ਚੀਨਾ ਨੇ ਦੱਸਿਆ ਕਿ ਉਨ੍ਹਾਂ ਦੇ ਕਿਰਾਏਦਾਰ ਸੁਰੇਸ਼ ਤੇ ਜਗਦੀਸ਼ ਜੋ ਪਿੰਡ ਜੁਲੋ ਫਤਿਹਾਬਾਦ ਦੇ ਰਹਿਣ ਵਾਲੇ ਸਨ। ਜਿਨ੍ਹਾਂ ਤੋਂ ਉਨ੍ਹਾਂ ਨੇ ਪਿਛਲੇ ਦਿਨੀਂ ਆਪਣਾ ਘਰ ਖਾਲ੍ਹੀ ਕਰਵਾ ਲਿਆ ਸੀ ਪਰ ਕੁਝ ਪੈਸਿਆਂ ਦਾ ਲੈਣ ਦੇਣ ਬਾਕੀ ਰਹਿੰਦਾ ਸੀ।
ਦੇਰ ਰਾਤ 2 ਮੋਟਰਸਾਈਕਲ ਸਵਾਰ 2 ਕਿਰਾਏਦਾਰਾਂ ਸਮੇਤ 4 ਵਿਅਕਤੀਆਂ ਨੇ ਦਰਵਾਜ਼ਾ ਖੁਲਵਾਉਣ ਤੋਂ ਬਾਅਦ ਘਰ ਵਿਚ ਜਾ ਕੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਇੱਕ ਗੋਲੀ ਪ੍ਰੇਮ ਕੁਮਾਰ ਨੂੰ ਲੱਗਣ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ। ਜਿਸ ਤੋਂ ਬਾਅਦ ਜਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਸ ਦੀ ਧੀ ਦਾ ਸ਼ਗਨ ਹੋਣਾ ਸੀ। ਜਿਸ ਕਾਰਨ ਉਨ੍ਹਾਂ ਨੇ ਘਰ ਨੂੰ ਪਹਿਲਾਂ ਹੀ ਖਾਲ੍ਹੀ ਕਰਵਾਇਆ ਸੀ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।