ਮੁੰਬਈ (ਦੇਵ ਇੰਦਰਜੀਤ) : ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੇ ਸਿਧਾਰਥ ਸ਼ੁਕਲਾ ਦਾ ਅਚਾਨਕ ਦੁਨੀਆ ਨੂੰ ਅਲਵਿਦਾ ਕਹਿਣਾ ਪਰਿਵਾਰ ਅਤੇ ਦੋਸਤਾਂ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਉਸ ਨੇ 2 ਸਤੰਬਰ ਨੂੰ 40 ਸਾਲ ਦੀ ਉਮਰ ਵਿਚ ਆਖਰੀ ਸਾਹ ਲਿਆ। ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।
ਟੀ. ਵੀ. ਜਗਤ ਦੇ ਬਹੁਤ ਸਾਰੇ ਸਿਤਾਰੇ ਸਿਧਾਰਥ ਸ਼ੁਕਲਾ ਦੀ ਆਖਰੀ ਯਾਤਰਾ ਵਿਚ ਵਿਦਾਈ ਦੇਣ ਲਈ ਸ਼ਾਮਲ ਹੋਏ। ਇਸ ਦੌਰਾਨ ਸਿਧਾਰਥ ਦੀ ਖ਼ਾਸ ਦੋਸਤ ਸ਼ਹਿਨਾਜ਼ ਕੌਰ ਗਿੱਲ ਅਤੇ ਮਾਂ ਰੀਟਾ ਸ਼ੁਕਲਾ ਦੀ ਹਾਲਤ ਨੂੰ ਦੇਖ ਕੇ ਲੋਕ ਆਪਣੇ ਹੰਝੂ ਰੋਕ ਨਾ ਸਕੇ।
ਸ਼ਹਿਨਾਜ਼ ਕੌਰ ਗਿੱਲ ਅਤੇ ਸਿਧਾਰਥ ਸ਼ੁਕਲਾ ਇਸ ਸਾਲ ਦਸੰਬਰ ਵਿਚ ਵਿਆਹ ਕਰਨ ਵਾਲੇ ਸਨ, ਜਿਸ ਦੀਆਂ ਉਨ੍ਹਾਂ ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਕੁੜਮਾਈ ਵੀ ਹੋ ਚੁੱਕੀ ਹੈ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਪੂਰੀ ਤਰ੍ਹਾਂ ਟੁੱਟ ਗਈ ਹੈ। 'ਬਿੱਗ ਬੌਸ 13' ਵਿਚ ਲੋਕਾਂ ਨੇ ਉਨ੍ਹਾਂ ਦੀ ਦੋਸਤੀ ਨੂੰ ਇੰਨਾ ਪਸੰਦ ਕੀਤਾ ਕਿ ਲੋਕਾਂ ਨੇ ਉਨ੍ਹਾਂ ਨੂੰ 'ਸਿਡਨਾਜ਼' ਦਾ ਨਾਂ ਦਿੱਤਾ ਸੀ।
ਸਿਧਾਰਥ ਅਤੇ ਸ਼ਹਿਨਾਜ਼ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਗੰਭੀਰਤਾ ਨਾਲ ਪਿਆਰ ਦਾ ਨਾਂ ਨਹੀਂ ਦਿੱਤਾ ਸੀ ਪਰ ਸ਼ਹਿਨਾਜ਼ ਅਕਸਰ ਕਹਿੰਦੀ ਸੀ ਕਿ ਸਿਧਾਰਥ ਉਸ ਦੇ ਸਭ ਤੋਂ ਨੇੜੇ ਹੈ। ਬਾਲੀਵੁੱਡ ਲਾਈਫ ਦੀ ਇੱਕ ਖ਼ਬਰ ਮੁਤਾਬਕ, ਦੋਵੇਂ ਇਸ ਸਾਲ ਦੇ ਅੰਤ ਵਿਚ ਵਿਆਹ ਕਰਨ ਜਾ ਰਹੇ ਸਨ ਅਤੇ ਆਪਣੇ ਰਿਸ਼ਤੇ ਨੂੰ ਇੱਕ ਨਵਾਂ ਨਾਮ ਦੇਣ ਜਾ ਰਹੇ ਸਨ।
ਦੋਵਾਂ ਦੇ ਪਰਿਵਾਰ ਵੀ ਇਸ ਲਈ ਸਹਿਮਤ ਹੋ ਗਏ ਸਨ ਅਤੇ ਉਨ੍ਹਾਂ ਨੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ। ਇੰਨਾ ਹੀ ਨਹੀਂ ਇਹ ਪਰਿਵਾਰ ਕਮਰੇ ਦੀ ਬੁਕਿੰਗ, ਦਾਅਵਤ ਅਤੇ ਵਿਆਹ ਦੇ ਜਸ਼ਨਾਂ ਲਈ ਮੁੰਬਈ ਦੇ ਇੱਕ ਆਲੀਸ਼ਾਨ ਹੋਟਲ ਨਾਲ ਗੱਲਬਾਤ ਕਰ ਰਿਹਾ ਸੀ। ਉਨ੍ਹਾਂ ਨੇ ਕਥਿਤ ਤੌਰ 'ਤੇ ਤਿੰਨ ਦਿਨਾਂ ਸਮਾਰੋਹ ਦੀ ਯੋਜਨਾ ਬਣਾਈ ਸੀ। ਸ਼ਹਿਨਾਜ਼ ਤੇ ਸਿਧਾਰਥ ਦੇ ਦੋਸਤ ਅਤੇ ਪਰਿਵਾਰ ਨੇ ਇਸ ਨੂੰ ਗੁਪਤ ਰੱਖਿਆ ਸੀ।