ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਭੱਟੀਆਂ ਇਲਾਕੇ ’ਚ ਇਕ ਨੌਜਵਾਨ ਅਜੇ ਨੇ ਸਾਢੇ 4 ਸਾਲ ਦੇ ਬੱਚੇ ਨਾਲ ਬਦਫ਼ੈਲੀ ਕਰਨ ਤੋਂ ਬਾਅਦ ਗਲ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਪਿੰਡ ਭੱਟੀਆਂ ਦੀ ਹਜ਼ੂਰੀ ਬਾਗ ਕਾਲੋਨੀ 'ਚ ਕਪੂਰ ਹੌਜ਼ਰੀ ਵਿਚ ਮਾਲਤੀ ਤੇ ਉਸ ਦਾ ਪਤੀ ਮੰਚੂਰ ਕੰਮ ਕਰਦੇ ਹਨ। ਉਸੇ ਫੈਕਟਰੀ 'ਚ ਬਣੇ ਕਮਰੇ ’ਚ ਆਪਣੇ ਸਾਢੇ 4 ਸਾਲ ਦੇ ਪੁੱਤਰ ਰੌਣਕ ਨਾਲ ਰਹਿਦੇ ਸਨ। ਕੁੱਝ ਦਿਨਾਂ ਤੋਂ ਮੰਚੂਰ ਪਿੰਡ ਗਿਆ ਹੋਇਆ ਸੀ। ਪਿੱਛੋਂ ਮਾਲਤੀ ਦੇਵੀ ਅਤੇ ਉਸ ਦਾ ਪੁੱਤਰ ਇਕੱਲੇ ਹੀ ਰਹਿ ਰਹੇ ਸਨ।
ਮੁਲਜ਼ਮ ਅਜੇ ਗੁਆਂਢ ਦੀ ਫੈਕਟਰੀ 'ਚ ਕੰਮ ਕਰਦਾ ਹੈ। ਉਸ ਦਾ ਦੋਸਤ ਕਪੂਰ ਹੌਜ਼ਰੀ ਵਿਚ ਕੰਮ ਕਰਦਾ ਹੈ। ਇਸ ਲਈ ਉਹ ਉਸ ਨੂੰ ਮਿਲਣ ਲਈ ਫੈਕਟਰੀ ਵਿਚ ਆਉਂਦਾ-ਜਾਂਦਾ ਰਹਿੰਦਾ ਸੀ। ਮੁਲਜ਼ਮ ਅਜੇ ਫੈਕਟਰੀ 'ਚ ਦੋਸਤ ਨੂੰ ਮਿਲਣ ਦੇ ਬਹਾਨੇ ਆਇਆ 'ਤੇ ਫੈਕਟਰੀ ਦੇ ਬਾਹਰ ਖੇਡ ਰਹੇ ਰੌਣਕ ਨੂੰ ਮੱਠੀ ਖੁਆਉਣ ਦੇ ਬਹਾਨੇ ਆਪਣੇ ਨਾਲ ਫੈਕਟਰੀ ਦੀ ਪਹਿਲੀ ਮੰਜ਼ਿਲ ’ਤੇ ਬਣੇ ਹਾਲ ’ਚ ਲੈ ਗਿਆ ਸੀ, ਜਿੱਥੇ ਉਸ ਨੇ ਬੱਚੇ ਨਾਲ ਬਦਫ਼ੈਲੀ ਕੀਤੀ 'ਤੇ ਫਿਰ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ । ਕੁਲਵੰਤ ਸਿੰਘ ਐੱਸ. ਐੱਚ. ਓ. ਨੇ ਕਿਹਾ ਕਿ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਭੇਜਿਆ ਗਿਆ ਹੈ। ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।