ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਗੋੜਾ ਹੋਏ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਰੇਲਵੇ ਸਟੇਸ਼ਨ ਸਮੇਤ ਕਈ ਥਾਵਾਂ 'ਤੇ ਲਗਾਏ ਗਏ ਹਨ। ਪੋਸਟਰ 'ਚ ਲਿਖਿਆ : ਅੰਮ੍ਰਿਤਪਾਲ ਦੀ ਸੂਚਨਾ ਦੇਣ ਵਾਲੇ ਨੂੰ ਇਨਾਮ ਮਿਲੇਗਾ,ਹੇਠਾਂ 2 ਨੰਬਰ ਵੀ ਜਾਰੀ ਕੀਤੇ ਗਏ ਹਨ ।ਉੱਥੇ ਹੀ ਪੰਜਾਬ ਪੁਲਿਸ ਵਲੋਂ 18 ਮਾਰਚ ਤੋਂ ਹੀ ਅੰਮ੍ਰਿਤਪਾਲ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ 'ਚ ਲੱਖਾਂ ਸ਼ਰਧਾਲੂ ਆਉਂਦੇ ਹਨ। ਇਸ ਕਰਕੇ ਇੱਥੇ ਇਹ ਪੋਸਟਰ ਲਗਾਏ ਗਏ ਹਨ ਤਾਂ ਜੋ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੂੰ ਸੰਪਰਕ ਕਰ ਸਕੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਤੇ ਉਸ ਦੇ ਕਰੀਬੀ ਸਾਥੀ ਪਪਲਪ੍ਰੀਤ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਪਪਲਪ੍ਰੀਤ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ ਪਰ ਬੀਤੀ ਦਿਨੀ ਪੁਲਿਸ ਨੇ ਪਪਲਪ੍ਰੀਤ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ। ਜਿੱਥੇ ਪਹਿਲਾ ਤੋਂ ਹੀ ਅੰਮ੍ਰਿਤਪਾਲ ਦੇ ਕਈ ਸਾਥੀ ਵੀ ਹਨ । ਹੁਣ ਪੁਲਿਸ ਵਲੋਂ ਉਨ੍ਹਾਂ ਕੋਲੋਂ ਉਥੇ ਹੀ ਪੁੱਛਗਿੱਛ ਕੀਤੀ ਜਾਵੇਗੀ। ਪਪਲਪ੍ਰੀਤ ਨੂੰ ਅਸਾਮ ਜੇਲ੍ਹ ਵਿੱਚ ਇਸ ਲਈ ਰੱਖਿਆ ਜਾਵੇਗਾ ਕਿਉਕਿ ਪੁਲਿਸ ਨੂੰ ਡਰ ਹੈ ਕਿ ਜੇਕਰ ਉਸ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਗਿਆ ਤਾਂ ਮਾਹੌਲ ਖਰਾਬ ਹੋ ਸਕਦਾ ਹੈ । ਦੱਸਣਯੋਗ ਹੈ ਕਿ ਪਪਲਪ੍ਰੀਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਨੇ ਟਵਿੱਟਰ 'ਤੇ ਪੋਸਟ ਸਾਂਝੀ ਕਰਦੇ ਕਿਹਾ ਕਿ ਤੁਸੀਂ ਭੱਜ ਸਕੇ ਹੋ ਪਰ ਕਾਨੂੰਨ ਦੀ ਲੰਬੀ ਬਾਂਹ ਟੀ ਛੁੱਪ ਨਹੀ ਸਕਦੇ ਹੋ….. ਅਸੀਂ ਜਨਤਾ ਨੂੰ ਅਮਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦੇ ਹਾਂ ।ਫਿਲਹਾਲ ਪੁਲਿਸ ਵਲੋਂ ਹਾਲੇ ਵੀ ਅੰਮ੍ਰਿਤਪਾਲ ਦੀ ਭਾਲ ਕੀਤੀ ਜਾ ਰਹੀ ਹੈ ।