ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਗੋੜਾ ਹੋਏ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਪੁਲਿਸ ਨੇ ਬੀਤੀ ਦਿਨੀਂ ਅੰਮ੍ਰਿਤਪਾਲ ਦੇ ਕਰੀਬੀ ਸਾਥੀ ਪਪਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਨੂੰ ਦੇਰ ਰਾਤ ਪੁਲਿਸ ਟੀਮ ਆਸਾਮ ਦੇ ਡਿਬਰੂਗੜ੍ਹ ਜੇਲ੍ਹ 'ਚ ਲੈ ਕੇ ਗਈ । ਦੱਸਿਆ ਜਾ ਰਿਹਾ ਪਪਲਪ੍ਰੀਤ ਕੋਲੋਂ ਪੁਲਿਸ ਵਲੋਂ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦਈਏ ਕਿ ਅਜਨਾਲਾ ਘਟਨਾ ਤੋਂ ਬਾਅਦ 18 ਮਾਰਚ ਨੂੰ ਪੰਜਾਬ ਪੁਲਿਸ ਵਲੋਂ ਅੰਮ੍ਰਿਤਪਾਲ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਸੀ। ਇਸ ਦੌਰਾਨ ਪੁਲਿਸ ਨੇ ਉਸ ਦੇ ਕਈ ਸਾਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਸੀ।
ਜਿਨ੍ਹਾਂ 'ਚੋ ਕੁਝ ਨੂੰ ਆਸਾਮ ਦੀ ਜੇਲ੍ਹ ਭੇਜ ਦਿੱਤਾ ਗਿਆ ਸੀ। ਹੁਣ ਪਪਲਪ੍ਰੀਤ ਸਿੰਘ ਨੂੰ ਵੀ ਆਸਾਮ ਦੀ ਜੇਲ੍ਹ 'ਚ ਰੱਖਿਆ ਜਾਵੇਗਾ ਕਿਉਕਿ ਪੁਲਿਸ ਨੂੰ ਡਰ ਹੈ ਕਿ ਜੇਕਰ ਉਸ ਨੂੰ ਪੰਜਾਬ ਦੀ ਜੇਲ੍ਹ 'ਚ ਰਖਿਆ ਗਿਆ ਤਾਂ ਮਾਹੌਲ ਖ਼ਰਾਬ ਹੋ ਸਕਦਾ ਹੈ। ਡਿਬਰੂਗੜ੍ਹ ਜਾਂਦੇ ਸਮੇ ਏਅਰਪੋਰਟ 'ਤੇ ਪਹੁੰਚ ਪਪਲਪ੍ਰੀਤ ਨੇ ਕਿਹਾ ਉਸ ਨੂੰ ਬੀਤੀ ਦਿਨੀਂ ਗ੍ਰਿਫ਼ਤਾਰ ਕੀਤਾ ਗਿਆ ਤੇ ਮੈ ਅੰਮ੍ਰਿਤਪਾਲ ਤੋਂ 28 ਮਾਰਚ ਨੂੰ ਵੱਖ ਹੋ ਗਿਆ ਸੀ…. ਹੁਣ ਮੈਨੂੰ ਉਸ ਬਾਰੇ ਕੁਝ ਨਹੀਂ ਪਤਾ ਹੈ।
ਜ਼ਿਕਰਯੋਗ ਹੈ ਕਿ ਪਪਲਪ੍ਰੀਤ ਅੰਮ੍ਰਿਤਪਾਲ ਦਾ ਸੋਸ਼ਲ ਮੀਡੀਆ ਨੈੱਟਵਰਕ ਸੰਭਾਲਦਾ ਸੀ। ਸੂਤਰਾਂ ਅਨੁਸਾਰ ਪਪਲਪ੍ਰੀਤ ਸਿੰਘ ਦੀ ਇੱਕ ਛੋਟੀ ਜਿਹੀ ਗਲਤੀ ਕਾਰਨ ਬੀਤੀ ਦਿਨੀਂ ਉਹ ਪੁਲਿਸ ਅੜਿੱਕੇ ਆ ਗਿਆ। ਪਪਲਪ੍ਰੀਤ ਵਲੋਂ ਇਸਤੇਮਾਲ ਕੀਤੇ ਗਏ ਫੋਨ ਦੇ IP ਦੀ ਟ੍ਰੈਕਿੰਗ ਰਾਹੀਂ ਪੁਲਿਸ ਨੂੰ ਉਸ ਬਾਰੇ ਜਾਣਕਾਰੀ ਮਿਲੀ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ 18 ਮਾਰਚ ਤੋਂ ਹੀ ਅੰਮ੍ਰਿਤਪਾਲ ਤੇ ਪਪਲਪ੍ਰੀਤ ਇੱਕ-ਦੂਜੇ ਨਾਲ ਸਨ ਤੇ ਪਪਲਪ੍ਰੀਤ ਆਪਣੇ ਸੰਪਰਕਾਂ ਰਾਹੀਂ ਪੁਲਿਸ ਤੋਂ ਬਚੇ ਰਹਿਣ ਵਿੱਚ ਮਦਦ ਕਰਦਾ ਸੀ। ਦੋਵਾਂ ਨੂੰ ਪਨਾਹ ਦੇਣ ਵਾਲੀਆਂ 2 ਮਹਿਲਾਵਾਂ ਨੂੰ ਵੀ ਪੁਲਿਸ ਨੇ ਹਿਰਾਸਤ 'ਚ ਲਿਆ ਸੀ ,ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।ਫਿਲਹਾਲ ਭਗੋੜਾ ਹੋਏ ਅੰਮ੍ਰਿਤਪਾਲ ਸੀ ਭਾਲ ਲਈ ਛਾਪੇਮਾਰੀ ਜਾਰੀ ਹੈ ।