ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਰਨਾਲ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਵਿਜੀਲੈਂਸ ਨੇ ਇਕ ਅਧਿਕਾਰੀ ਨੂੰ ਕਾਬੂ ਕੀਤਾ ਹੈ ਜੋ ਕਿ ਪੁਰਾਣੇ ਮੀਟਰ ਦੇ ਬਕਾਇਆ ਬਿੱਲ ਨੂੰ ਐਡਜਸਟ ਕਰਨ ਲਈ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਵਿਜੀਲੈਂਸ ਵਲੋਂ ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨੂੰ ਲਾਈਨਮੈਨ ਜੋ ਕਿ ਅਰਾਏਪੁਰ ਵਿੱਚ ਸਬ ਡਵੀਜ਼ਨ ਵਿੱਚ ਤਾਇਨਾਤ ਹੈ। ਦੋਸ਼ੀ ਲਾਈਨਮੈਨ ਨੇ ਬਿਜਲੀ ਬਿੱਲ ਐਡਜਸਟ ਕਰਨ ਲਈ 62 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਪਰ ਉਸ ਨੇ ਬਾਅਦ ਵਿੱਚ 25 ਹਜ਼ਾਰ ਰੁਪਏ ਵਿੱਚ ਸੌਦਾ ਕਰ ਲਿਆ ।
ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਸ਼ਿਕਾਇਤ ਆਈ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਘਰੋਡ਼ਾ ਇਲਾਕੇ ਵਿੱਚ ਪ੍ਰਾਪਰਟੀ ਖਰੀਦੀ ਗਈ ਸੀ। ਇਸ ਤੋਂ ਪਹਿਲਾ ਵੀ ਮੀਟਰ ਲੱਗਾ ਹੋਇਆ ਸੀ ਤੇ ਇਹ ਲਗਾਤਾਰ ਬੰਦ ਪਿਆ ਸੀ । ਜਿਸ ਨੂੰ ਲੈ ਕੇ ਸ਼ਿਕਾਇਤਕਰਤਾ ਨੇ ਲਾਈਨਮੈਨ ਸੋਨੂੰ ਨੂੰ ਸੰਪਰਕ ਕੀਤਾ ਸੀ। ਜਿਸ ਤੋਂ ਬਾਅਦ ਉਸ ਨੇ 62 ਹਜ਼ਾਰ ਰਿਸ਼ਵਤ ਦੀ ਮੰਗ ਕੀਤੀ ਸੀ। ਫਿਲਹਾਲ ਵਿਜੀਲੈਂਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਅਗੇ ਦੀ ਕਾਰਵਾਈ ਕੀਤੀ ਜਾਵੇਗੀ।