
ਸੁਲਤਾਨਪੁਰ ਲੋਧੀ (ਰਾਘਵ) : ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਨੇ ਗੱਲਬਾਤ ਕਰਦੇ ਹੋਏ ਸਾਰੇ ਹੀ ਰਾਸ਼ਨ ਕਾਰਡਾਂ ਵਾਲੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਭਾਵੇਂ ਰਾਸ਼ਨ ਲੈਂਦੇ ਹਨ ਜਾਂ ਨਹੀਂ, ਉਹ ਸਾਰੇ ਆਪਣੇ ਰਾਸ਼ਨ ਕਾਰਡਾਂ ਦਾ ਕੇ. ਵਾਈ. ਸੀ. 30 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਲਾਜ਼ਮੀ ਕਰਵਾ ਲੈਣ। ਉਨ੍ਹਾਂ ਮਨਪ੍ਰੀਤ ਸਿੰਘ ਇੰਸਪੈਕਟਰ ਤੇ ਪ੍ਰਵੇਸ਼ ਕੁਮਾਰ ਇੰਸਪੈਕਟਰ ਫੂਡ ਸਪਲਾਈ ਵਿਭਾਗ ਨਾਲ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹੇ ’ਚ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਕਣਕ ਦਾ ਲਾਭ ਲੈ ਰਹੇ ਲਾਭਪਾਤਰੀਆਂ ਲਈ ਆਪਣੇ ਕਾਰਡ ’ਚ ਦਰਜ ਸਮੂਹ ਪਰਿਵਾਰਿਕ ਮੈਂਬਰਾਂ ਦੀ ਈ-ਕੇ. ਵਾਈ. ਸੀ. ਕਰਵਾਉਣ ਲਈ ਸਰਕਾਰ ਨੇ ਤਾਰੀਖ ਵਧਾ ਕੇ 31 ਮਾਰਚ ਤੋਂ ਹੁਣ 30 ਅਪ੍ਰੈਲ ਤੱਕ ਕੀਤੀ ਹੈ ।
ਸੱਜਣ ਸਿੰਘ ਚੀਮਾ ਨੇ ਸਾਰੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਰਾਸ਼ਨ ਡਿਪੂ ਹੋਲਡਰ ਨਾਲ ਤਾਲਮੇਲ ਕਰਦੇ ਹੋਏ 30 ਅਪ੍ਰੈਲ ਤੱਕ ਈ-ਕੇ. ਵਾਈ. ਸੀ. ਕਰਵਾਉਣੀ ਯਕੀਨੀ ਬਣਾਉਣ ਤਾਂ ਜੋ ਸਰਕਾਰੀ ਸਕੀਮ ਦਾ ਲਾਭ ਲੈਣ ਲਈ ਕਿਸੇ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਇਸ ਤੋਂ ਪਹਿਲਾਂ ਇਸ ਲਈ 31 ਮਾਰਚ ਆਖ਼ਰੀ ਤਾਰੀਖ਼ ਸੀ। ਉਨ੍ਹਾਂ ਕਿਹਾ ਕਿ ਈ-ਕੇ. ਵਾਈ. ਸੀ. ਨਾ ਹੋਣ ਦੀ ਸੂਰਤ ’ਚ ਅਗਲੇ ਕਣਕ ਦੇ ਵੰਡ ਚੱਕਰ ਦੌਰਾਨ, ਸਮਾਰਟ ਰਾਸ਼ਨ ਕਾਰਡ ਧਾਰਕ ਕਣਕ ਦਾ ਲਾਭ ਲੈਣ ਤੋਂ ਵਾਂਝੇ ਰਹਿ ਸਕਦੇ ਹਨ। ਇਸ ਲਈ ਤੁਰੰਤ ਈ-ਕੇ. ਵਾਈ. ਸੀ. ਕਰਵਾ ਕੇ ਆਪਣਾ ਲਾਭ ਯਕੀਨੀ ਬਣਾਇਆ ਜਾਵੇ। ਉਨ੍ਹਾਂ ਹੋਰ ਦੱਸਿਆ ਕਿ ਸਾਰੇ ਰਾਸ਼ਨ ਕਾਰਡਾਂ ਵਾਲੇ ਪਰਿਵਾਰਾਂ ਲਈ ਇਹ ਜ਼ਰੂਰੀ ਹੈ, ਭਾਵੇਂ ਰਾਸ਼ਨ ਨਹੀਂ ਵੀ ਲੈਂਦੇ ਤਾਂ ਵੀ ਨੇੜਲੇ ਰਾਸ਼ਨ ਦੇ ਡੀਪੂ ਤੋਂ ਈ. ਕੇ.ਵਾਈ.ਸੀ. ਕਰਵਾ ਲੈਣ ਤਾਂ ਜੋ ਬਾਕੀ ਸਹੂਲਤਾਂ ਬੰਦ ਨਾ ਹੋ ਜਾਣ । ਉਨ੍ਹਾਂ ਨਾਲ ਇਸ ਸਮੇਂ ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ, ਸਰਪੰਚ ਰਾਮ ਸਿੰਘ ਪਰਮਜੀਤਪੁਰ, ਸੋਨੂੰ ਰਾਮੇ ਸੀਨੀਅਰ ਆਪ ਆਗੂ , ਜਿਲਾ ਪ੍ਰਧਾਨ ਅਕਾਸ਼ਦੀਪ ਸਿੰਘ ਤੇ ਲਵਪ੍ਰੀਤ ਸਿੰਘ ਪੀ.ਏ. ਨੇ ਸ਼ਿਰਕਤ ਕੀਤੀ ।