ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ

by nripost

ਚੰਡੀਗੜ੍ਹ (ਰਾਘਵ): ਸਮਾਰਟ ਰਾਸ਼ਨ ਕਾਰਡ ਨੂੰ ਲੈ ਕੇ ਈ. ਕੇ. ਵਾਈ. ਸੀ. ਨਾ ਕਰਵਾਉਣ ਵਾਲਿਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਕਿਉਂਕਿ ਲੱਖਾਂ ਲਾਭਪਾਤਰੀਆਂ ਦਾ ਨਾਮ ਸੂਚੀ ਵਿਚੋਂ ਕੱਟਿਆ ਜਾ ਸਕਦਾ ਹੈ, ਜਿਸ ਕਾਰਣ ਉਹ ਸਸਤਾ ਰਾਸ਼ਨ ਲੈਣ ਤੋਂ ਵਾਂਝੇ ਰਹਿ ਸਕਦੇ ਹਨ। ਮੁੱਖ ਵਜ੍ਹਾ ਇਹ ਹੈ ਕਿ ਸੂਬੇ ਵਿਚ 1.57 ਕਰੋੜ ਵਿਚੋਂ 30, 28, 806 ਯੋਗ ਲਾਭਪਾਤਰੀਆਂ ਦੀ ਈ. ਕੇ. ਵਾਈ. ਸੀ. ਨਹੀਂ ਹੋਈ ਹੈ। ਵਿਭਾਗੀ ਸੂਤਰਾਂ ਅਨੁਸਾਰ ਕੁਝ ਲਾਭਪਾਤਰੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਵਿਦੇਸ਼ ਵਿਚ ਹਨ। ਪਹਿਲਾਂ ਈ. ਕੇ. ਵਾਈ. ਸੀ. ਦੀ ਆਖਰੀ ਤਾਰੀਖ 31 ਮਾਰਚ ਸੀ ਪਰ ਇਸ ਤਾਰੀਖ ਤਕ ਵੀ ਵੱਡੀ ਗਿਣਤੀ ਵਿਚ ਲਾਭਪਾਤਰੀਆਂ ਵੱਲੋਂ ਈ. ਕੇ. ਵਾਈ. ਸੀ. ਨਹੀਂ ਕਰਵਾਈ ਗਈ। ਜਿਸ ਮਗਰੋਂ ਇਹ ਤਾਰੀਖ ਵਧਾ ਕੇ 30 ਅਪ੍ਰੈਲ ਕੀਤੀ ਗਈ ਹੈ।

ਇਸ ਨੂੰ ਵੀ ਹੁਣ ਸਿਰਫ 22 ਦਿਨ ਬਚੇ ਹਨ। ਇਹ ਆਖਰੀ ਮੌਕਾ ਹੈ ਕਿਉਂਕਿ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸਰਵੇਖਣ ਦੀ ਤਾਰੀਖ ਹੋਰ ਨਹੀਂ ਵਧੇਗੀ। ਸਰਵੇਖਣ ਪਿਛਲੇ 5 ਮਹੀਨੇ ਤੋਂ ਚਲ ਰਿਹਾ ਹੈ। ਸਰਕਾਰ ਵੀ ਸ਼ਸ਼ੋਪੰਜ ਵਿਚ ਹੈ ਕਿਉਂਕਿ ਲੱਖਾਂ ਲਾਭਪਾਤਰੀਆਂ ਦੀ ਈ. ਕੇ. ਵਾਈ. ਸੀ. ਨਾ ਹੋਈ ਤਾਂ ਉਨ੍ਹਾਂ ਦਾ ਨਾਮ ਕੱਟ ਦਿੱਤਾ ਜਾਵੇਗਾ। ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਜਾਂਚ ਤੋਂ ਬਾਅਦ 3 ਲੱਖ ਲਾਭਪਾਤਰੀਆਂ ਦੇ ਨਾਮ ਰਾਸ਼ਨ ਕਾਰਟ ਤੋਂ ਕੱਟੇ ਗਏ ਸਨ। ਇਸ ਕਾਰਵਾਈ ਤੋਂ ਬਾਅਦ ਵੱਡੇ ਪੱਧਰ 'ਤੇ ਸ਼ਿਕਾਇਤਾਂ ਆਈਆਂ। ਪਿੰਡਾਂ ਵਿਚ ਪ੍ਰਦਰਸ਼ਨ ਹੋਏ ਪਰ 24 ਜਨਵਰੀ 2024 ਨੂੰ ਸਰਕਾਰ ਨੇ ਮੰਤਰੀ ਮੰਡਲ ਵਿਚ ਇਨ੍ਹਾਂ ਕਾਰਡਾਂ ਦੀ ਬਹਾਲੀ ਕਰ ਦਿੱਤੀ। ਹੁਣ ਈ. ਕੇ. ਵਾਈ. ਸੀ. ਪੈਂਡਿੰਗ ਲਾਭਪਾਤਰੀਆਂ ਦੀ ਗਿਣਤੀ ਦੁੱਗਣੀ ਹੈ, ਜਿਨ੍ਹਾਂ ਦੀ ਕੇ. ਵਾਈ. ਸੀ. ਪੈਂਡਿੰਗ ਹੈ, ਉਹ ਇਸ ਨੂੰ ਜਲਦ ਪੂਰੀ ਕਰਨ ਤਾਂ ਜੋ ਉਨ੍ਹਾਂ ਨੂੰ ਮਿਲਦ ਲਾਭ ਜਾਰੀ ਰਹੇ।