ਪੱਤਰ ਪ੍ਰੇਰਕ : ਹੈਵੀ ਡਰਾਈਵਿੰਗ ਲਾਇਸੈਂਸ ਲੈਣ ਦੇ ਚਾਹਵਾਨਾਂ ਲਈ ਅਹਿਮ ਖਬਰ ਹੈ। ਦਰਅਸਲ, ਪੰਜਾਬ ਸਰਕਾਰ ਜਲਦੀ ਹੀ ਮਾਲਵੇ ਦੇ ਅਮਰਗੜ੍ਹ ਦੇ ਪਿੰਡ ਤੋਲਾਵਾਲ ਅਤੇ ਦੁਆਬੇ ਦੇ ਕਪੂਰਥਲਾ ਨੇੜੇ ਹੈਵੀ ਡਰਾਈਵਿੰਗ ਲਾਇਸੈਂਸ ਅਤੇ ਸਿਖਲਾਈ ਕੇਂਦਰ ਖੋਲ੍ਹਣ ਜਾ ਰਹੀ ਹੈ, ਜਿੱਥੇ ਲੋਕ ਸਿਖਲਾਈ ਲੈ ਸਕਣਗੇ। ਇਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ।
ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖ਼ਰੀ ਦਿਨ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਇਸ ਤੋਂ ਪਹਿਲਾਂ ਮਲੋਟ ਦੇ ਪਿੰਡ ਮਾਹੂਆਣਾ ਵਿੱਚ ਹੀ ਹੈਵੀ ਡਰਾਈਵਿੰਗ ਲਾਇਸੈਂਸ ਅਤੇ ਸਿਖਲਾਈ ਕੇਂਦਰ ਸੀ। ਹੁਣ ਆਉਣ ਵਾਲੇ ਦਿਨਾਂ 'ਚ ਤੋਲਾਵਾਲ ਅਤੇ ਕਪੂਰਥਲਾ ਦੇ ਪਿੰਡ ਅਮਰਗੜ੍ਹ ਨੂੰ ਵੀ ਖੋਲ੍ਹਿਆ ਜਾਵੇਗਾ, ਜਿਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ 'ਚ ਕਮੀ ਆਵੇਗੀ |
ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੂਰੇ ਪੰਜਾਬ ਵਿੱਚ ਇੱਕ ਹੀ ਹੈਵੀ ਡਰਾਈਵਿੰਗ ਟਰੇਨਿੰਗ ਸੈਂਟਰ ਸੀ, ਉਹ ਵੀ ਰਾਜਸਥਾਨ ਦੀ ਸਰਹੱਦ ਨਾਲ, ਜਿਸ ਕਾਰਨ ਦੂਰ-ਦੂਰ ਤੋਂ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਨਵੇਂ ਸਿਖਲਾਈ ਕੇਂਦਰ ਖੁੱਲ੍ਹਣ ਨਾਲ ਜਿੱਥੇ ਲੋਕਾਂ ਨੂੰ ਰਾਹਤ ਮਿਲੇਗੀ, ਉੱਥੇ ਹੀ ਲੋਕ ਡਰਾਈਵਿੰਗ ਸਿੱਖ ਕੇ ਰੁਜ਼ਗਾਰ ਵੀ ਹਾਸਲ ਕਰ ਸਕਣਗੇ।