ਪੱਤਰ ਪ੍ਰੇਰਕ : ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪੰਜਾਬ ਵਿਚ ਭਾਜਪਾ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਨ ਜਾ ਰਹੀ ਹੈ। ਉਪਰੋਕਤ ਐਲਾਨ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਰਾਹੀਂ ਕੀਤਾ ਹੈ।
ਵੀਡੀਓ ਸ਼ੇਅਰ ਕਰਦੇ ਹੋਏ ਜਾਖੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਇਕੱਲਿਆਂ ਹੀ ਚੋਣਾਂ ਲੜਨ ਜਾ ਰਹੀ ਹੈ। ਪਾਰਟੀ ਨੇ ਇਹ ਫੈਸਲਾ ਲੋਕਾਂ, ਵਰਕਰਾਂ ਅਤੇ ਆਗੂਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਆ ਹੈ। ਉਪਰੋਕਤ ਫੈਸਲਾ ਪੰਜਾਬ ਦੇ ਨੌਜਵਾਨਾਂ, ਵਪਾਰੀਆਂ, ਮਜ਼ਦੂਰਾਂ ਆਦਿ ਦੇ ਭਵਿੱਖ ਲਈ ਲਿਆ ਗਿਆ ਹੈ। ਕਿਉਂਕਿ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪੰਜਾਬ ਲਈ ਜੋ ਕੰਮ ਕੀਤਾ ਹੈ, ਉਹ ਕਿਸੇ ਨੇ ਨਹੀਂ ਕੀਤਾ।
ਪਿਛਲੇ 10 ਸਾਲਾਂ ਵਿੱਚ ਕਿਸਾਨਾਂ ਦੀਆਂ ਫ਼ਸਲਾਂ ਦਾ ਇੱਕ-ਇੱਕ ਦਾਣਾ ਚੁੱਕਿਆ ਗਿਆ ਹੈ, ਜਿਸ ਦੀ ਅਦਾਇਗੀ ਇੱਕ ਹਫ਼ਤੇ ਵਿੱਚ ਉਨ੍ਹਾਂ ਦੇ ਖਾਤਿਆਂ ਵਿੱਚ ਪਹੁੰਚ ਗਈ ਹੈ। ਪੰਜਾਬ ਦੇ ਸੁਨਹਿਰੀ ਭਵਿੱਖ, ਪੰਜਾਬ ਦੀ ਬਿਹਤਰੀ, ਪੰਜਾਬ ਦੀ ਸੁਰੱਖਿਆ ਅਤੇ ਸ਼ਾਂਤੀ ਨੂੰ ਮਜ਼ਬੂਤ ਰੱਖ ਕੇ ਹੀ ਭਾਰਤ ਅੱਗੇ ਵੱਧ ਸਕਦਾ ਹੈ। ਇਸ ਦੇ ਮੱਦੇਨਜ਼ਰ ਉਪਰੋਕਤ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਆਉਣ ਵਾਲੀ 1 ਜੂਨ ਨੂੰ ਪੰਜਾਬ ਦੇ ਲੋਕ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣਗੇ। ਭਾਜਪਾ ਦੇ ਇਸ ਐਲਾਨ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਗਈ ਹੈ ਅਤੇ ਭਾਜਪਾ ਬਿਨਾਂ ਕਿਸੇ ਗਠਜੋੜ ਤੋਂ ਪੰਜਾਬ ਵਿਚ ਇਕੱਲਿਆਂ ਹੀ ਚੋਣਾਂ ਲੜੇਗੀ। ਫਿਲਹਾਲ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ।