ਪੰਜਾਬ ‘ਚ ਲਾਲ ਲਕੀਰ ਦੇ ਅੰਦਰ ਆਉਣ ਵਾਲੇ ਪਲਾਟਾਂ ਨੂੰ ਲੈ ਕੇ ਵੱਡੀ ਖਬਰ

by nripost

ਚੰਡੀਗੜ੍ਹ (ਰਾਘਵ) : ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਲਾਲ ਦੋਰਾ ਜਾਂ ਲਾਲ ਲਕੀਰ ਦੇ ਅੰਦਰ ਪੈਂਦੇ ਪਲਾਟਾਂ ਦੇ ਕਾਬਜ਼ਕਾਰਾਂ ਨੂੰ ਮਾਲਕੀ ਹੱਕ ਦੇਣ ਲਈ ਸੂਬੇ ਵਿੱਚ 'ਮੇਰਾ ਘਰ ਮੇਰਾ ਨਾਮ' (ਮਾਲਕੀਅਤ) ਸਕੀਮ ਲਾਗੂ ਕੀਤੀ ਜਾ ਰਹੀ ਹੈ। ਇਹ ਸਕੀਮ ਅਗਲੇ ਸਾਲ ਤੱਕ ਮੁਕੰਮਲ ਹੋ ਜਾਵੇਗੀ। ਮੁੰਡੀਆ, ਪੰਜਾਬ ਵਿਧਾਨ ਸਭਾ ਦੇ ਅਮਰਗੜ੍ਹ ਤੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਵਾਮੀਤਵਾ ਕੇਂਦਰੀ ਸਕੀਮ ਹੈ, ਜਿਸ ਦਾ ਉਦੇਸ਼ ਪਿੰਡਾਂ ਦੀ ਲਾਲ ਲਕੀਰ ਦੇ ਅੰਦਰ ਆਉਂਦੀਆਂ ਜਾਇਦਾਦਾਂ ਦੇ ਅਧਿਕਾਰ ਉਨ੍ਹਾਂ ਦੇ ਮਾਲਕਾਂ ਨੂੰ ਦੇਣਾ ਹੈ। ਮਾਲ ਤੇ ਮੁੜ ਵਸੇਬਾ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਪਿੰਡਾਂ ਦੇ ਰਿਹਾਇਸ਼ੀ ਖੇਤਰਾਂ ਵਿੱਚ ਅਧਿਕਾਰਾਂ ਦਾ ਕੰਪਿਊਟਰਾਈਜ਼ਡ ਰਿਕਾਰਡ ਅਤੇ ਜੀ.ਆਈ.ਐਸ. ਨਕਸ਼ੇ ਬਣਾਉਣੇ ਹਨ। ਇਸ ਮੰਤਵ ਲਈ ਸਾਲ 2021 ਵਿੱਚ ਪੰਜਾਬ ਰਿਹਾਇਸ਼ੀ (ਰਿਕਾਰਡ ਆਫ਼ ਰਾਈਟਸ) ਐਕਟ ਅਤੇ ਨਿਯਮ ਲਾਗੂ ਕੀਤੇ ਗਏ ਹਨ, ਜੋ ਇਸ ਸਕੀਮ ਤਹਿਤ ਤਿਆਰ ਕੀਤੇ ਗਏ ਅਧਿਕਾਰਾਂ ਦੇ ਰਿਕਾਰਡ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕਰਦੇ ਹਨ।