ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁੰਬਈ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 24 ਸਾਲਾ ਕੁੜੀ ਨੇ ਆਪਣੀ ਵਿਧਵਾ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਕੁੜੀ ਨੇ ਮਾਂ ਨੂੰ ਮਾਰ ਉਸ ਦੀ ਲਾਸ਼ ਦੇ ਟੁਕੜੇ ਕਰਕੇ ਪਲਾਸਟਿਕ ਦੇ ਬੈਗਾਂ 'ਚ ਪਾ ਘਰ ਦੀ ਅਲਮਾਰੀ 'ਚ 3 ਮਹੀਨੇ ਤੋਂ ਲੁਕਾ ਕੇ ਰੱਖੇ ਸਨ । ਪੁਲਿਸ ਅਧਿਕਾਰੀਆਂ ਨੇ ਕਿਹਾ ਇਸ ਘਟਨਾ ਬਾਰੇ ਉਸ ਸਮੇ ਪਤਾ ਲੱਗਾ ਜਦੋ ਪੁਲਿਸ ਨੇ ਲਾਪਤਾ 55 ਸਾਲਾ ਵੀਨਾ ਦੀ ਭਾਲ ਲਈ ਛਾਪੇਮਾਰੀ ਕੀਤੀ। ਮਾਮਲੇ ਦਾ ਪਤਾ ਲੱਗਦੇ ਹੀ ਪੁਲਿਸ ਨੇ ਉਨ੍ਹਾਂ ਦੀ ਧੀ ਰਿੰਪਲ ਨੂੰ ਆਪਣੀ ਮਾਂ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ।
ਜਾਣਕਾਰੀ ਅਨੁਸਾਰ ਵਿਧਵਾ ਦੇ ਵੱਡੇ ਭਰਾ ਸੁਰੇਸ਼ ਨੇ ਬੀਤੀ ਰਾਤ ਆਪਣੀ ਭੈਣ ਵੀਨਾ ਦੇ ਲਾਪਤਾ ਹੋਣ ਦੀ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਸੀ । ਉਨ੍ਹਾਂ ਨੇ ਸ਼ਿਕਾਇਤ ਉਸ ਸਮੇ ਕੀਤੀ ਜਦੋ ਰਿੰਪਲ ਨੇ ਉਨ੍ਹਾਂ ਦੇ ਪੁੱਤ ਨੂੰ ਉਸ ਦੀ ਮਾਂ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਤੇ ਘਰ ਅੰਦਰ ਨਹੀਂ ਆਉਣ ਦਿੱਤਾ। ਸ਼ਿਕਾਇਤ ਮਿਲਣ 'ਤੇ ਜਦੋ ਪੁਲਿਸ ਨੇ ਵਿਧਵਾ ਵੀਨਾ ਦੇ ਘਰ ਦੀ ਤਲਾਸ਼ੀ ਲੈਣੀ ਚਾਹੀ ਤਾਂ ਰਿੰਪਲ ਨੇ ਪੁਲਿਸ ਨੂੰ ਵੀ ਅੰਦਰ ਆਉਣ ਤੋਂ ਮਨ੍ਹਾ ਕਰ ਦਿੱਤਾ। ਸ਼ੱਕ ਹੋਣ ਤੇ ਪੁਲਿਸ ਨੇ ਸਖਤੀ ਕਰਦੇ ਹੋਏ ਅੰਦਰ ਦਾਖ਼ਲ ਹੋ ਪੂਰੇ ਘਰ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਅਲਮਾਰੀ 'ਚੋ ਲਾਸ਼ ਦੇ ਟੁੱਕੜੇ ਬਰਾਮਦ ਹੋਏ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਰਿੰਪਲ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।