ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਇਲ ਦੇ ਪਿੰਡ ਜਰਗੜੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 3 ਨਸ਼ੇੜੀ ਨੌਜਵਾਨਾਂ ਵਲੋਂ ਆਪਣੇ ਪਿੰਡ ਦੇ ਇੱਕ 25 ਸਾਲਾਂ ਨੌਜਵਾਨ ਨੂੰ ਜ਼ਹਿਰ ਖੁਆ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਪਰਮਿੰਦਰ ਸਿੰਘ ਵਾਸੀ ਪਿੰਡ ਜਰਗੜੀ ਜ਼ਿਲ੍ਹਾ ਲੁਧਿਆਣਾ ਦੇ ਰੂਪ 'ਚ ਹੋਈ ਹੈ। ਪੁਲਿਸ ਨੂੰ ਦਰਜ਼ ਕਾਰਵਾਈ ਸ਼ਿਕਾਇਤ 'ਚ ਮ੍ਰਿਤਕ ਦੇ ਪਿਤਾ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦਾ ਮੁੰਡਾ ਪਰਮਿੰਦਰ ਸਿੰਘ ਆਪਣੇ ਪਿੰਡ ਦੇ 3 ਨੌਜਵਾਨਾਂ ਗੁਰਵਿੰਦਰ ਸਿੰਘ ,ਸੁਨੀਲ ਸਿੰਘ ਤੇ ਜੱਸਾ ਸਿੰਘ ਨਾਲ ਨਹਿਰ 'ਤੇ ਬੈਠਾ ਸੀ ,ਜੋ ਨਸ਼ੇ ਦੇ ਆਦੀ ਹਨ ।
ਇਨ੍ਹਾਂ ਤਿੰਨਾਂ ਨੌਜਵਾਨਾਂ ਨੇ ਹੀ ਉਸ ਦੇ ਮੁੰਡੇ ਨੂੰ ਜ਼ਬਰਦਸਤੀ ਜ਼ਹਿਰੀਲੀ ਚੀਜ਼ ਖੁਆ ਦਿੱਤੀ । ਉਨ੍ਹਾਂ ਦਾ ਮੁੰਡਾ ਪਰਮਿੰਦਰ ਸਿੰਘ ਘਰ ਆਉਂਦੇ ਹੋਏ ਸੜਕ 'ਤੇ ਡਿੱਗ ਗਿਆ , ਉਸ ਦੇ ਦੂਜੇ ਮੁੰਡੇ ਪ੍ਰਦੀਪ ਸਿੰਘ ਨੇ ਆਪਣੇ ਭਰਾ ਨੂੰ ਸੜਕ 'ਤੇ ਦੇਖਿਆ ।ਜਿਸ ਨੇ ਕਿਹਾ ਕਿ ਨੌਜਵਾਨਾਂ ਨੇ ਉਸ ਨੂੰ ਜ਼ਹਿਰੀਲੀ ਚੀਜ਼ ਖੁਆ ਦਿੱਤੀ ਤੇ ਘਰ ਆਉਂਦੇ ਹੀ ਪਰਮਿੰਦਰ ਸਿੰਘ ਦੀ ਮੌਤ ਹੋ ਗਈ ।ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।