ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਦੋਸਤ ਨੇ ਆਪਣੇ ਦੋਸਤ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਨੇ 2 ਵਿਕਅਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਗੰਗ ਕੈਨਾਲ ਤੋਂ ਬਰਾਮਦ ਕੀਤੀ ਹੈ। ਪੁਲਿਸ ਨੂੰ ਬਿਆਨਾਂ ਵਿੱਚ ਅਮਨ ਨੇ ਦੱਸਿਆ ਕਿ ਉਹ ਰੇਵਲੇ ਵਿਭਾਗ 'ਚ ਜੇਈ ਦੀ ਨੌਕਰੀ ਕਰਦਾ ਹੈ । ਦੇਰ ਰਾਤ ਉਸ ਦਾ ਮੁੰਡਾ ਸਾਰਥਿਕ ਕਿਤੇ ਬਾਹਰ ਚਲਾ ਗਿਆ ਤੇ ਕਾਫੀ ਸਮੇ ਤੱਕ ਵਾਪਸ ਨਹੀ ਆਇਆ ਤਾਂ ਉਸ ਦੇ ਫੋਨ 'ਤੇ ਕਈ ਵਾਰ ਫੋਨ ਕਰਨ ਤੇ ਉਸ ਨੇ ਫੋਨ ਨਹੀਂ ਚੁੱਕਿਆ ਤੇ ਬਾਅਦ 'ਚ ਫੋਨ ਬੰਦ ਆਉਣ ਲੱਗ ਪਿਆ ।
ਅਮਨ ਨੇ ਕਿਹਾ ਕਿ ਉਸ ਦੀ ਪਤਨੀ ਨੇ ਸਾਰਥਿਕ ਦੇ ਦੋਸਤ ਦੋਸ਼ੀ ਗੌਰਵ ਨੂੰ ਘਰ ਬੁਲਾਇਆ ਤੇ ਸਾਰਥਿਕ ਨੂੰ ਫੋਨ ਕਰਨ ਲਈ ਕਿਹਾ। ਜਿਸ 'ਤੇ ਗੌਰਵ ਨੇ ਫੋਨ ਕੀਤਾ ਤਾਂ ਅੱਗੋਂ ਕੋਈ ਹੋਰ ਸਖਸ਼ ਬੋਲ ਰਿਹਾ ਸੀ। ਇਸ ਦੌਰਾਨ ਗੌਰਵ ਹੋਰ ਘਬਰਾ ਗਿਆ ਤੇ ਘਰ ਚਲਾ ਗਿਆ। ਫਿਰ ਉਸ ਦੀ ਪਤਨੀ ਨੇ ਸਾਰਥਿਕ ਦੇ ਫੋਨ 'ਤੇ ਫੋਨ ਕੀਤਾ ਤਾਂ ਅੱਗੋਂ ਕਿਸੇ ਹੋਰ ਵਿਅਕਤੀ ਨੇ ਫੋਨ ਚੁੱਕਿਆ ,ਜਿਸ ਨੂੰ ਉਸ ਨੇ ਪਛਾਣ ਲਿਆ। ਇਹ ਦੋਸ਼ੀ ਸੁਖਚੈਨ ਸਿੰਘ ਸੀ ,ਜੋ ਅਕਸਰ ਗੌਰਵ ਦੇ ਘਰ ਆਉਂਦਾ ਸੀ। ਉਨ੍ਹਾਂ ਨੂੰ ਸ਼ੱਕ ਸੀ ਕਿ ਦੋਸ਼ੀ ਨੇ ਮਿਲੀਭੁਗਤ ਨਾਲ ਸਾਰਥਿਕ ਨੂੰ ਮਾਰ ਦੇਣ ਦੀ ਨੀਅਤ ਨਾਲ ਅਗਵਾ ਕੀਤਾ ਹੈ, ਜਦੋ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀ ਗੌਰਵ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਾਰਥਿਕ ਦਾ ਕਤਲ ਕਰਕੇ ਲਾਸ਼ ਗੰਗ ਕੈਨਾਲ ਕੋਲ ਸੁੱਟ ਦਿੱਤੀ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।