ਸ੍ਰੀ ਕੀਰਤਪੁਰ ਸਾਹਿਬ (ਰਾਘਵ): ਬਿਲਾਸਪੁਰ-ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ’ਤੇ ਪੈਂਦੇ ਪਿੰਡ ਕਲਿਆਣਪੁਰ ਵਿੱਚ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਪੁਲ ਨੇੜੇ ਇੱਕ ਤੇਜ਼ ਰਫ਼ਤਾਰ ਟੈਂਪੂ ਟਰੈਵਲ ਚਾਲਕ ਨੇ ਪਿੱਛੇ ਤੋਂ ਆ ਰਹੀ ਇੱਕ ਆਲਟੋ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਕਾਰ ਬੇਕਾਬੂ ਹੋ ਕੇ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿੱਚ ਜਾ ਡਿੱਗੀ। ਮੌਕੇ 'ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲ ਨਾਲ ਨਹਿਰ ਦੇ ਪਾਣੀ 'ਚ ਡਿੱਗੀ ਕਾਰ 'ਚੋਂ ਡਰਾਈਵਰ ਦੀ ਜਾਨ ਬਚਾਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਉਰਫ਼ ਹੈਪੀ (27) ਪੁੱਤਰ ਧਰਮਪਾਲ ਵਾਸੀ ਪਿੰਡ ਭਾਗਵਾਲਾ ਵਾਰਡ ਨੰਬਰ 11 ਨਗਰ ਪੰਚਾਇਤ ਕੀਰਤਪੁਰ ਸਾਹਿਬ ਆਪਣੀ ਆਲਟੋ ਕਾਰ ਵਿਚ ਪੈਟਰੋਲ ਪੰਪ ਤੋਂ ਪੈਟਰੋਲ ਭਰ ਕੇ ਪਿੰਡ ਮੱਸੇਵਾਲ ਤੋਂ ਕੀਰਤਪੁਰ ਸਾਹਿਬ ਵੱਲ ਆ ਰਿਹਾ ਸੀ। ਜਦੋਂ ਉਹ ਪਿੰਡ ਕਲਿਆਣਪੁਰ ਸਥਿਤ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਪੁਲ ਤੋਂ ਥੋੜ੍ਹਾ ਪਿੱਛੇ ਗਿਆ ਤਾਂ ਉਸ ਨੂੰ ਪਿੱਛੇ ਤੋਂ ਆ ਰਹੇ ਉੱਤਰ ਪ੍ਰਦੇਸ਼ ਨੰਬਰ ਦੇ ਟੈਂਪੂ ਟਰੈਵਲ ਚਾਲਕ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਆਲਟੋ ਕਾਰ ਚਾਲਕ ਸਮੇਤ ਨਹਿਰ ਦੇ ਕੰਢੇ ਬਣੀ ਕੰਧ ਨੂੰ ਤੋੜਦੀ ਹੋਈ ਨਹਿਰ ਵਿੱਚ ਜਾ ਡਿੱਗੀ ਜਦਕਿ ਟੈਂਪੂ ਟਰੈਵਲ ਚਾਲਕ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਪਹਿਲਾਂ ਨਹਿਰ ਦੇ ਪਾਣੀ 'ਚ ਡੁੱਬ ਰਹੀ ਕਾਰ ਦੇ ਡਰਾਈਵਰ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਅਤੇ ਫਿਰ ਰੱਸੀਆਂ ਦੀ ਮਦਦ ਨਾਲ ਉਸ ਨੂੰ ਪਾਣੀ 'ਚੋਂ ਬਾਹਰ ਕੱਢਿਆ। ਹਾਦਸੇ ਦੌਰਾਨ ਨੌਜਵਾਨ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਲੋਕਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਇਸ ਦੌਰਾਨ ਇੱਕ ਪੱਤਰਕਾਰ ਨੇ ਆਪਣੀ ਕਾਰ ਵਿੱਚ ਟੈਂਪੂ ਟਰੈਵਲ ਦਾ ਪਿੱਛਾ ਕਰਕੇ ਪਿੰਡ ਹਜ਼ਾਰਾ ਨੇੜੇ ਘੇਰ ਲਿਆ ਅਤੇ ਮੌਕੇ ’ਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਅਤੇ ਟੈਂਪੂ ਟਰੈਵਲ ਅਤੇ ਉਸ ਦੇ ਡਰਾਈਵਰ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ। ਇਸ ਸਬੰਧੀ ਜਦੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਤਫਤੀਸ਼ੀ ਅਫਸਰ ਏ.ਐਸ.ਆਈ. ਖੁਸ਼ਹਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲੀਸ ਨੇ ਟੈਂਪੂ ਟਰੈਵਲ ਅਤੇ ਉਸ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ ਹੈ। ਉਸ ਨੇ ਦੱਸਿਆ ਕਿ ਕਾਰ ਚਾਲਕ ਹਰਜਿੰਦਰ ਸਿੰਘ ਨੇ ਪੁਲੀਸ ਕੋਲ ਕੋਈ ਬਿਆਨ ਦਰਜ ਨਹੀਂ ਕਰਵਾਇਆ, ਉਸ ਨੇ ਪੁਲੀਸ ਤੋਂ ਭਲਕੇ ਤੱਕ ਦਾ ਸਮਾਂ ਮੰਗਿਆ ਹੈ। ਉਨ੍ਹਾਂ ਦੱਸਿਆ ਕਿ ਹਰਜਿੰਦਰ ਸਿੰਘ ਪੁਲਿਸ ਕੋਲ ਜੋ ਵੀ ਬਿਆਨ ਦਰਜ ਕਰਵਾਏਗਾ ਉਸ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |