ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ ਵਿਚ ਲੰਘੇ ਮੰਗਲਵਾਰ ਨੂੰ ਰਾਸ਼ਟਰਪਤੀ ਚੋਣ ਹੋਈ ਸੀ ਅਤੇ ਦੋ ਦਿਨਾਂ ਤੋਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਪਰ ਹਾਲੇ ਤਕ ਆਖ਼ਰੀ ਨਤੀਜੇ ਸਾਹਮਣੇ ਨਹੀਂ ਆਏ ਹਨ। ਨਤੀਜਿਆਂ ਦੇ ਲਿਹਾਜ਼ ਨਾਲ ਕੁਝ ਸੂਬੇ ਅਹਿਮ ਬਣੇ ਹੋਏ ਹਨ। ਟਰੰਪ ਦੀ ਜਿੱਤ ਜਾਂ ਹਾਰ ਵਿਚ ਇਹੀ ਕੁਝ ਸੂਬੇ ਫ਼ੈਸਲਾਕੁੰਨ ਸਾਬਤ ਹੋਣਗੇ। ਅਮਰੀਕੀ ਮੀਡੀਆ ਮੁਤਾਬਕ, 77 ਸਾਲਾ ਬਾਇਡਨ ਨੂੰ ਵ੍ਹਾਈਟ ਹਾਊਸ ਪੁੱਜਣ ਲਈ ਮਹਿਜ਼ 6 ਤੋਂ 17 ਇਲੈਕਟੋਰਲ ਕਾਲਜ ਵੋਟਾਂ ਦੀ ਲੋੜ ਹੈ।
ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਚੋਣ ਜਿੱਤਣ ਲਈ ਲੋੜੀਂਦੀ ਗਿਣਤੀ ਯਾਨੀ 270 ਇਲੈਕਟੋਰਲ ਵੋਟ ਹਾਸਲ ਕਰਨ ਲਈ ਲੋੜੀਂਦੇ ਰਾਜਾਂ ਵਿਚ ਜਿੱਤ ਦਰਜ ਕਰ ਰਹੇ ਹਨ। ਬਾਇਡਨ ਨੇ ਆਪਣੇ ਗ੍ਰਹਿ ਸੂਬੇ ਡੇਲਾਵੇਅਰ ਵਿਚ ਆਪਣੇ ਸਮਰਥਕਾਂ ਨੂੰ ਕਿਹਾ, ਇਹ ਮੇਰੀ ਜਾਂ ਸਾਡੀ ਇਕੱਲਿਆਂ ਦੀ ਜਿੱਤ ਨਹੀਂ ਹੋਵੇਗੀ। ਇਹ ਜਿੱਤ ਅਮਰੀਕੀ ਲੋਕਾਂ ਦੀ ਹੋਵੇਗੀ। ਅਸੀਂ 270 ਇਲੈਕਟੋਰਲ ਵੋਟ ਤਕ ਪਹੁੰਚਣ ਲਈ ਲੋੜੀਂਦੇ ਸੂਬੇ ਜਿੱਤ ਰਹੇ ਹਾਂ।
ਇੱਧਰ, ਟਰੰਪ ਨੇ ਬੁੱਧਵਾਰ ਦੇਰ ਰਾਤ ਕਈ ਟਵੀਟ ਕੀਤੇ ਅਤੇ ਪੈਂਸਿਲਵੇਨੀਆ, ਮਿਸ਼ੀਗਨ, ਨਾਰਥ ਕੈਰੋਲੀਨਾ ਅਤੇ ਜਾਰਜੀਆ ਵਿਚ ਆਪਣੀ ਜਿੱਤ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ, ਅਸੀਂ ਪੈਂਸਿਲਵੇਨੀਆ, ਜਾਰਜੀਆ, ਨਾਰਥ ਕੈਰੋਲੀਨਾ ਵਿਚ ਦਾਅਵਾ ਕੀਤਾ ਹੈ, ਜਿੱਥੇ ਲੀਡ ਮਿਲ ਰਹੀ ਸੀ। ਇਨ੍ਹਾਂ ਤੋਂ ਇਲਾਵਾ ਅਸੀਂ ਮਿਸ਼ੀਗਨ 'ਤੇ ਵੀ ਦਾਅਵਾ ਕਰ ਰਹੇ ਹਾਂ। ਇੱਥੇ ਗੁਪਤ ਰੂਪ ਨਾਲ ਵੱਡੀ ਗਿਣਤੀ ਵਿਚ ਪਾਈਆਂ ਗਈਆਂ ਵੋਟਾਂ ਬਾਰੇ ਜਾਣਕਾਰੀ ਮਿਲੀ ਹੈ।