ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਾੜ੍ਹੀ-ਮੁੱਛਾਂ ਵਾਲੀ ਟਿੱਪਣੀ ਨੂੰ ਲੈ ਕੇ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਵਿਵਾਦਾਂ 'ਚ ਘਿਰਦੀ ਜਾ ਰਹੀ ਹੈ। ਭਾਰਤੀ ਸਿੰਘ ਦੇ ਇਸ ਬਿਆਨ ਨੂੰ ਲੈ ਕੇ ਸਿੱਖ ਭਾਈਚਾਰੇ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਕਮੇਡੀਅਨ ਭਾਰਤੀ ਸਿੰਘ ਖ਼ਿਲਾਫ਼ ਜਲੰਧਰ ਦੇ ਥਾਣਾ ਆਦਮਪੁਰ 'ਚ ਐੱਫ.ਆਈ.ਆਰ ਦਰਜ ਕੀਤੀ ਗਈ। ਭਾਰਤੀ ਸਿੰਘ ਦੇ ਖ਼ਿਲਾਫ਼ 295-ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸ਼ੋਅ 'ਤੇ ਭਾਰਤੀ ਨੇ ਮਜ਼ਾਕ 'ਚ ਕਿਹਾ ਸੀ ਕਿ ਦਾੜ੍ਹੀ ਮੁੱਛ ਕਿਉਂ ਨਹੀਂ ਚਾਹੀਦੀ। ਉਨ੍ਹਾਂ ਨੇ ਕਿਹਾ ਸੀ-ਦੁੱਧ ਪੀਣ ਤੋਂ ਬਾਅਦ ਦਾੜ੍ਹੀ ਮੂੰਹ 'ਚ ਪਾਓ ਤਾਂ ਸੇਵੀਆਂ ਦਾ ਸਵਾਦ ਆਉਂਦਾ ਹੈ। ਮੇਰੀਆਂ ਬਹੁਤ ਸਾਰੀਆਂ ਸਹੇਲੀਆਂ ਜਿਨ੍ਹਾਂ ਦਾ ਅਜੇ ਵਿਆਹ ਹੋਇਆ ਹੈ ਉਹ ਸਾਰਾ ਦਿਨ ਦਾੜ੍ਹੀ-ਮੁੱਛਾਂ 'ਚੋਂ ਜੂੰਆਂ ਕੱਢਣ 'ਚ ਰੁੱਝੀਆਂ ਰਹਿੰਦੀਆਂ ਹਨ।
ਭਾਰਤੀ ਸਿੰਘ ਵੀਡੀਓ ’ਚ ਕਹਿੰਦੀ ਹੈ, ‘‘ਪਿਛਲੇ 1-2 ਦਿਨਾਂ ਤੋਂ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਮੈਨੂੰ ਭੇਜੀ ਵੀ ਗਈ ਹੈ ਕਿ ਤੁਸੀਂ ਦਾੜ੍ਹੀ-ਮੁੱਛਾਂ ਬਾਰੇ ਮਜ਼ਾਕ ਉਡਾਇਆ ਹੈ। ਮੈਂ ਤੁਹਾਨੂੰ ਵੀ ਬੇਨਤੀ ਕਰਾਂਗੀ ਕਿ ਤੁਸੀਂ ਵੀ ਉਹ ਵੀਡੀਓ ਦੇਖੋ। ਮੈਂ ਨਾ ਹੀ ਕਿਸੇ ਪੰਜਾਬੀ ਬਾਰੇ ਬੋਲਿਆ ਕਿ ਦਾੜ੍ਹੀ-ਮੁੱਛਾਂ ਨਾਲ ਕੀ ਮੁਸ਼ਕਿਲ ਹੁੰਦੀ ਹੈ। ਮੈਂ ਤਾਂ ਆਪਣੀ ਸਹੇਲੀ ਨਾਲ ਕਾਮੇਡੀ ਕਰ ਰਹੀ ਸੀ।’’