ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਚੰਡੀਗੜ੍ਹ ਦੇ ਮੁੱਦੇ ’ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਨਸ਼ੇ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਲੱਗ ਰਹੀ ਕਿ ਰਾਜਸਥਾਨ ਦੀ ਹੱਦ ਦਾ 2.5 ਗੁਣਾ ਤੋਂ ਜ਼ਿਆਦਾ ਖੇਤਰਫਲ ਅਤੇ ਜੰਮੂ-ਕਸ਼ਮੀਰ ਦੀ ਸਰਹੱਦ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਪਾਕਿਸਤਾਨ ਨਾਲ ਲੱਗਦਾ ਹੋਣ ਦੇ ਬਾਵਜੂਦ ਜਿੱਥੇ ਕੰਢਿਆਲੀ ਤਾਰ ਵੀ ਨਹੀਂ ਹੈ, ਵਿਚ ਨਸ਼ੇ ਦੀ ਕੋਈ ਸਮੱਸਿਆ ਨਹੀਂ ਹੈ, ਜਦੋਂ ਕਿ ਪੰਜਾਬ ਅਜੇ ਵੀ ਨਸ਼ੇ ਦੀ ਬੀਮਾਰੀ ਨਾਲ ਜੂਝ ਰਿਹਾ ਹੈ।
ਭਗਵੰਤ ਮਾਨ ਨੇ ਨਾਂ ਲਏ ਬਿਨਾਂ ਨਵਜੋਤ ਸਿੰਘ ਸਿੱਧੂ ’ਤੇ ਵੀ ਤੰਜ ਕਸਿਆ। ਮੁੱਖ ਮੰਤਰੀ ਨੇ ਕਿਹਾ ਕਿ ਜੋ ਆਪਣੇ ਨਾਂ ਦੇ ਮਾਡਲ ਦੀ ਗੱਲ ਕਰਦੇ ਸਨ, ਜੋ ਗੱਲ-ਗੱਲ ’ਤੇ ਕਹਿੰਦੇ ਸਨ ‘ਠੋਕੋ ਤਾਲੀ-ਠੋਕੋ ਤਾਲੀ, ਉਹ ਠੋਕੋ ਦੀ ਗੱਲ ਕਰਨ ਵਾਲੇ ਤਾਂ ਇੱਥੇ ਆਏ ਹੀ ਨਹੀਂ।’ ਇਹ ਸਮੇਂ-ਸਮੇਂ ਦੀ ਗੱਲ ਹੈ। ਭਗਵੰਤ ਮਾਨ ਨੇ ਕਿਹਾ ਕਿ ਫੋਟੋ ਲਗਾਉਣ ਨਾਲ ਕੋਈ ਜਨਤਾ ਦੇ ਦਿਲ ’ਤੇ ਰਾਜ ਨਹੀਂ ਕਰਦਾ। ਕੰਮ ਕਰਨ ਨਾਲ ਜਨਤਾ ਦੇ ਦਿਲ ’ਤੇ ਰਾਜ ਹੁੰਦਾ ਹੈ। ਕੈਰੀਅਰ ਛੱਡਣਾ ਪੈਂਦਾ ਹੈ। ਆਮ ਆਦਮੀ ਪਾਰਟੀ ਜੋ ਕੁੱਝ ਵੀ ਕਰੇਗੀ, ਡੰਕਾ ਵਜਾ ਕੇ ਕਰੇਗੀ। ਨਕਾਬ ਪਹਿਨ ਕੇ ਨਹੀਂ ਕਰੇਗੀ।